ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਅਪਰੈਲ
ਦੇਸ਼ ਭਰ ਵਿਚ ਕਰੋਨਾ ਕਾਰਨ ਸਥਿਤੀ ਗੰਭੀਰ ਹੋਣ ਤੋਂ ਬਾਅਦ ਕੇਂਦਰ ਨੇ ਅੱਜ ਸਲਾਹ ਦਿੱਤੀ ਕਿ ਜੇ ਕਿਸੇ ਜ਼ਿਲ੍ਹੇ ਜਾਂ ਸ਼ਹਿਰ ਵਿਚ ਇਕ ਹਫਤੇ ਵਿਚ ਕਰੋਨਾ ਪਾਜ਼ੇਟਿਵਿਟੀ ਦਰ 10 ਫੀਸਦੀ ਤੋਂ ਜ਼ਿਆਦਾ ਹੈ ਜਾਂ ਉਸ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਈਸੀਯੂ ਵਿਚ ਆਕਸੀਜਨ ਵਾਲੇ ਬੈਡ 60 ਫੀਸਦੀ ਭਰ ਚੁੱਕੇ ਹਨ ਤਾਂ ਉਥੇ ਦੇ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਲੌਕਡਾਊਨ ਲਾਉਣਾ ਚਾਹੀਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਹਾਲਤ ਵਿਚ ਕਰੋਨਾ ਦੇ ਕੇਸ ਹੋਰ ਵਧਣ ਨਾਲ ਹਾਲਾਤ ਖਰਾਬ ਹੋ ਸਕਦੇ ਹਨ ਜਿਸ ਕਰ ਕੇ ਕੋਵਿਡ ਪ੍ਰਬੰਧਨ ਲਈ ਸੂਬੇ ਹੁਣੇ ਤੋਂ ਹੀ ਯਤਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਉਸ ਖੇਤਰ ਵਿਚ ਕਰੋਨਾ ਮਰੀਜ਼ਾਂ ਦੀ ਚੇਨ ਨੂੰ ਤੋੜਨ ਲਈ ਸਖਤ ਪਾਬੰਦੀਆਂ ਲਾਈਆਂ ਜਾਣ।