ਕੋਟਿਅਮ, 23 ਮਾਰਚ
‘ਸ਼ਹੀਦ ਦਿਵਸ’ (23 ਮਾਰਚ) ਮੌਕੇ ਹਿੰਦੀ ਵਿਚ ਇਕ ਟਵੀਟ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੁਲਕਾਂ ਦੀਆਂ ਸਰਹੱਦਾਂ ਉਤੇ ਬੈਠੇ ਫ਼ੌਜੀਆਂ ਤੇ ਦਿੱਲੀ ਦੀਆਂ ਹੱਦਾਂ ਉਤੇ ਬੈਠੇ ਕਿਸਾਨਾਂ ਦੇ ਬਲੀਦਾਨ ਨੂੰ ਸਿਜਦਾ ਕਰਦਿਆਂ ਕਿਹਾ ਕਿ ‘ਕੇਂਦਰ ਸਰਕਾਰ ਨੂੰ ਇਨ੍ਹਾਂ ਦੀਆਂ ਸ਼ਹੀਦੀਆਂ ਦੇ ਨਿਰਾਦਰ ਲਈ ਜਵਾਬ ਦੇਣਾ ਪਵੇਗਾ।’ ਇਸੇ ਦੌਰਾਨ ਕਾਂਗਰਸ ਆਗੂ ਨੇ ਅੱਜ ਕੇਰਲਾ ਵਿਚ ਕਿਹਾ ਕਿ ਜੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਸੱਤਾ ’ਚ ਆਉਂਦੀ ਹੈ ਤਾਂ ਘੱਟੋ-ਘੱਟ ਆਮਦਨੀ ਯੋਜਨਾ (ਨਿਆਏ) ਦੀ ਪਰਖ਼ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਰਾਹੁਲ ਕੇਰਲਾ ਵਿਚ ਇਸ ਸਕੀਮ ਨੂੰ ਲਾਗੂ ਕਰਨ ਦਾ ਵਾਅਦਾ ਕਰ ਰਹੇ ਹਨ। ਓਮਨ ਚਾਂਡੀ ਦੇ ਹਲਕੇ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ‘ਨਿਆਏ’ ਸਕੀਮ ਸਫ਼ਲ ਹੋਵੇਗੀ। ਇਸ ਮੌਕੇ ਚਾਂਡੀ ਤੇ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਹਾਜ਼ਰ ਸਨ। ਰਾਹੁਲ ਨੇ ਕਿਹਾ ਕਿ ਕੇਰਲਾ ਵਿਚ ਇਕ ਨਵੇਂ ਵਿਚਾਰ ਦੀ ਪਰਖ਼ ਹੋਵੇਗੀ। 72 ਹਜ਼ਾਰ ਰੁਪਏ ਸਾਲਾਨਾ ਸਿੱਧੇ ਖਾਤਿਆਂ ਵਿਚ ਜਾਣਗੇ। ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਨੇ ਇਸ ਸਕੀਮ ਦਾ ਵਾਅਦਾ ਕੀਤਾ ਸੀ। –ਪੀਟੀਆਈ
ਗੁਜਰਾਤ: ਕਾਂਗਰਸੀ ਵਿਧਾਇਕਾਂ ਨੇ ‘ਸ਼ਹੀਦ ਕਿਸਾਨਾਂ’ ਲਈ ਮੌਨ ਰੱਖਿਆ
ਗਾਂਧੀਨਗਰ: ਕਾਂਗਰਸੀ ਵਿਧਾਇਕਾਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 250 ਕਿਸਾਨਾਂ ਨੂੰ ਅੱਜ ਗੁਜਰਾਤ ਅਸੈਂਬਲੀ ’ਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਸੱਤਾਧਾਰੀ ਭਾਜਪਾ ਵਿਧਾਇਕ ਮੌਨ ਵਿੱਚ ਸ਼ਾਮਲ ਨਹੀਂ ਹੋਏ ਤੇ ਉਨ੍ਹਾਂ ਕਾਂਗਰਸ ’ਤੇ ਭਗਤ ਸਿੰਘ ਤੇ ਹੋਰਨਾਂ ਦੀ ਸ਼ਹਾਦਤ ਦਾ ਸਿਆਸੀਕਰਨ ਕੀਤੇ ਜਾਣ ਦਾ ਦੋਸ਼ ਲਾਇਆ। -ਪੀਟੀਆਈ