ਬਨਿਹਾਲ/ਜੰਮੂ, 24 ਨਵੰਬਰ
ਪੀਡੀਪੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਉਹ ਕਸ਼ਮੀਰ ਰੱਖਣਾ ਚਾਹੁੰਦਾ ਹੈ ਤਾਂ ਧਾਰਾ 370 ਬਹਾਲ ਕਰੇ ਅਤੇ ਕਸ਼ਮੀਰ ਦੇ ਮਸਲੇ ਹੱਲ ਕਰੇ। ਉਨ੍ਹਾਂ ਕਿਹਾ ਕਿ ਲੋਕ ‘ਆਪਣੀ ਪਛਾਣ ਤੇ ਸਨਮਾਨ’ ਵਾਪਸ ਚਾਹੁੰਦੇ ਹਨ ਅਤੇ ਉਹ ਵੀ ਵਿਆਜ ਸਣੇ।
ਬਨਿਹਾਲ ਦੇ ਨੀਲ ਪਿੰਡ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮਹਬਿੂਬਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ‘‘ਸਾਡੀ ਕਿਸਮਤ ਦਾ ਫ਼ੈਸਲਾ ਮਹਾਤਮਾ ਗਾਂਧੀ ਦੇ ਭਾਰਤ ਨਾਲ ਕੀਤਾ ਸੀ, ਜਿਸ ਨੇ ਸਾਨੂੰ ਧਾਰਾ 370 ਦਿੱਤੀ, ਸਾਡਾ ਆਪਣਾ ਸੰਵਿਧਾਨ ਅਤੇ ਝੰਡਾ ਦਿੱਤਾ।’’ ਉਨ੍ਹਾਂ ਕਿਹਾ, ‘‘ਅਸੀਂ ਨੱਥੂਰਾਮ ਗੋਡਸੇ ਦੇ ਨਾਲ ਨਹੀਂ ਰਹਿ ਸਕਦੇ।’’ ਮਹਬਿੂਬਾ ਨੇ ਲੋਕਾਂ ਨੂੰ ਇਕਜੁੱਟ ਹੋਣ ਅਤੇ ਸੰਵਿਧਾਨ ਵੱਲੋਂ ਦਿੱਤਾ ਵਿਸ਼ੇਸ਼ ਦਰਜਾ ਬਹਾਲ ਕਰਨ ਦੇ ਸਮਰਥਨ ਵਿਚ ਉਨ੍ਹਾਂ ਦੇ ਸੰਘਰਸ਼ ਅਤੇ ਲੋਕਾਂ ਦੀ ਪਛਾਣ ਤੇ ਸਨਮਾਨ ਦੀ ਸੁਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਕਿਹਾ। ਮਹਬਿੂਬਾ ਨੇ ਕਿਹਾ, ‘‘ਜੰਮੂ ਕਸ਼ਮੀਰ ਦੇ ਲੋਕ ਗੋਡਸੇ ਦੇ ਭਾਰਤ ਨਾਲ ਨਹੀਂ ਰਹਿ ਸਕਦੇ। ਅਸੀਂ ਮਹਾਤਮਾ ਗਾਂਧੀ ਦਾ ਭਾਰਤ ਚਾਹੁੰਦੇ ਹਾਂ, ਭਾਰਤੀ ਸੰਵਿਧਾਨ ਤੋਂ ਸਾਨੂੰ ਮਿਲੀ ਸਾਡੀ ਪਛਾਣ ਅਤੇ ਸਨਮਾਨ ਵਾਪਸ ਚਾਹੁੰਦੇ ਹਾਂ ਅਤੇ ਮੈਂ ਆਸਵੰਦ ਹਾਂ ਕਿ ਉਨ੍ਹਾਂ ਨੂੰ ਵਿਆਜ ਸਣੇ ਇਸ ਨੂੰ ਮੋੜਨਾ ਹੋਵੇਗਾ।’’ ਉਨ੍ਹਾਂ ਭਾਜਪਾ ’ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਾਤੀ, ਨਸਲ ਅਤੇ ਧਰਮ ਦੇ ਆਧਾਰ ’ਤੇ ਵੰਡਣ ਦਾ ਦੋਸ਼ ਵੀ ਲਗਾਇਆ। -ਪੀਟੀਆਈ