* ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ
* ਚੌਹਾਨ ਹਰੇਕ ਮੰਗਲਵਾਰ ਦੇਸ਼ ਭਰ ਤੋਂ ਆਉਣ ਵਾਲੇ ਕਿਸਾਨ ਆਗੂਆਂ ਨਾਲ ਕਰਨਗੇ ਮੁਲਾਕਾਤ
ਆਦਿੱਤੀ ਟੰਡਨ
ਨਵੀਂ ਦਿੱਲੀ, 24 ਸਤੰਬਰ
ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਤੋਖਲਿਆਂ ਸਣੇ ਹੋਰ ਬਕਾਇਆ ਮੁੱਦਿਆਂ ’ਤੇ ਚਰਚਾ ਤੇ ਉਨ੍ਹਾਂ ਦੇ ਹੱਲ ਲਈ ਅੱਜ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਸੰਵਾਦ ਦੇ ਸ਼ੁਰੂਆਤੀ ਗੇੜ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨ ਡੈਲੀਗੇਟਾਂ ਤੇ ਆਗੂਆਂ ਨਾਲ ਮੁਲਾਕਾਤ ਕੀਤੀ। ਚੌਹਾਨ ਨੇ ਵਾਅਦਾ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੋਣ ਤੱਕ ਲੰਮੀ ਅਤੇ ਇਤਬਾਰੀ ਚਰਚਾ ਦੀ ਲੜੀ ਜਾਰੀ ਰਹੇਗੀ। ਚੌਹਾਨ ਨੇ ਕਿਹਾ ਕਿ ਐੱਮਐੱਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਬੰਧੀ ਸੁਝਾਅ ਮਿਲੇ ਹਨ, ਜਿਸ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਹਰ ਮੰਗਲਵਾਰ ਨੂੰ ਦੇਸ਼ ਭਰ ਤੋਂ ਕਿਸਾਨ ਡੈਲੀਗੇਟਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਕਾਬਿਲੇ ਗੌਰ ਹੈ ਅੱਜ ਦੀ ਮੀਿਟੰਗ ’ਚ ਸ਼ੰਭੂ ਬਾਰਡਰ ਧਰਨੇ ’ਤੇ ਬੈਠੀਆਂ ਕਿਸਾਨ ਯੂਨੀਅਨਾਂ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ। ਆਈਸੀਏਆਰ ਦੇ ਪੀਐੱਸਯੂਏ ਕੰਪਲੈਕਸ ਵਿੱਚ ਹੋਈ ਅੱਜ ਦੀ ਬੈਠਕ ਵਿਚ ਲਗਪਗ 50 ਕਿਸਾਨ ਆਗੂ ਸ਼ਾਮਲ ਸਨ। ਚੌਹਾਨ ਨੇ ਕਿਹਾ ਕਿ ਅੱਜ ਗੱਲਬਾਤ ਦਾ ਪਹਿਲਾ ਗੇੜ ਸੀ ਤੇ ਕਿਸਾਨਾਂ ਨੇ ਫਸਲ ਬੀਮਾ ਸਕੀਮ ਤੇ ਐੱਮਐੱਸਪੀ ਸਬੰਧੀ ਮੁੱਦੇ ਉਠਾਏ ਹਨ। ਬੈਠਕ ’ਚ ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ਤੋਂ ਬੀਕੇਯੂ ਦੇ ਨੁਮਾਇੰਦੇ ਸ਼ਾਮਲ ਹੋਏ।
ਖੇਤੀ ਦੇਸ਼ ਦੀ ਰੀੜ੍ਹ ਦੀ ਹੱਡੀ: ਚੌਹਾਨ
ਕਿਸਾਨਾਂ ਨਾਲ ਮੀਟਿੰਗ ਮਗਰੋਂ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਚੌਹਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਖੇਤੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਿਸਾਨ ਦੇਸ਼ ਦੀ ਰੂਹ ਹਨ। ਕਿਸਾਨਾਂ ਦੀ ਸੇਵਾ ਰੱਬ ਦੀ ਪੂਜਾ ਕਰਨ ਵਾਂਗ ਹੈ। ਮੈਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਿਆ ਤੇ ਉਨ੍ਹਾਂ ਬਹੁਤ ਸਾਰੇ ਸੁਝਾਅ ਦਿੱਤੇ। ਅਸੀਂ ਉਨ੍ਹਾਂ ਦੇ ਸੁਝਾਵਾਂ ’ਤੇ ਕੰਮ ਕਰ ਰਹੇ ਹਾਂ। ਉਨ੍ਹਾਂ ’ਚੋਂ ਕੁਝ ਫਸਲਾਂ, ਫਸਲ ਬੀਮਾ ਯੋਜਨਾ ਤੇ ਫਸਲਾਂ ਦੇ ਖਰਾਬੇ ਬਾਰੇ ਹਨ।’ ਉਨ੍ਹਾਂ ਕਿਹਾ, ‘ਇਹ ਮੰਤਰਾਲਾ ਤੁਹਾਡਾ ਹੈ। ਮੈਨੂੰ ਅਜਿਹੇ ਪ੍ਰਬੰਧ ਵਿੱਚ ਯਕੀਨ ਰੱਖਦਾ ਹਾਂ ਜਿਸ ਵਿੱਚ ਅਸੀਂ ਮੁੱਦਿਆਂ ’ਤੇ ਚਰਚਾ ਲਈ ਅਸਾਨੀ ਨਾਲ ਮੁਲਾਕਾਤ ਸਕੀਏ।’ ਉਨ੍ਹਾਂ ਕਿਸਾਨਾਂ ਨੂੰ ਆਪਣੇ ਸੁਝਾਅ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ।
ਗੱਲਬਾਤ ਹੀ ਅੱਗੇ ਵਧਣ ਦਾ ਇੱਕੋ ਇੱਕ ਰਾਹ: ਮਲਿਕ
ਬੀਕੇਯੂ (ਗ਼ੈਰਸਿਆਸੀ) ਦੇ ਤਰਜਮਾਨ ਧਰਮਵੀਰ ਮਲਿਕ ਨੇ ਬੈਠਕ ਉਪਰੰਤ ਕਿਹਾ ਕਿ ਉਹ ਅੰਦੋਲਨਕਾਰੀ ਯੂਨੀਅਨਾਂ ਤੇ ਸਰਕਾਰ ਨੂੰ ਗੱਲਬਾਤ ਦੀ ਅਪੀਲ ਕਰਦੇ ਹਨ ਕਿਉਂਕਿ ਅੱਗੇ ਵਧਣ ਦਾ ਇਹੀ ਇਕਲੌਤਾ ਰਾਹ ਹੈ। ਉਨ੍ਹਾਂ ਕਿਹਾ, ‘‘ਅਸੀਂ ਲੰਮੀ ਚੱਲੀ ਮੀਟਿੰਗ ਦੌਰਾਨ ਕਮਜ਼ੋਰ ਐੱਮਐੱਸਪੀ ਪ੍ਰਣਾਲੀ, ਪੀਐੱਮ ਕਿਸਾਨ ਸਨਮਾਨ ਨਿਧੀ ਅਧੀਨ ਘੱਟ ਰਹੇ ਦਾਇਰੇ, ਫਸਲ ਬੀਮਾ ਯੋਜਨਾ ਅਤੇ ਖੇਤੀ ਉਤਪਾਦਾਂ ਦੀ ਦਰਾਮਦ ਕਾਰਨ ਕਿਸਾਨਾਂ ਨੂੰ ਵਿੱਤੀ ਘਾਟਾ ਪੈਣ ਦੇ ਮੁੱਦੇ ਉਠਾਏ ਹਨ। ਮੰਤਰੀ ਨੇ ਹੱਲ ਦਾ ਭਰੋਸਾ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਇਨ੍ਹਾਂ ਚਾਰ ਮੁੱਦਿਆਂ ’ਤੇ ਵੱਖੋ-ਵੱਖਰੀ ਸੂਬਾ ਪੱਧਰੀ ਗੱਲਬਾਤ ਕਰਨ ਸਣੇ ਕਈ ਹੋਰ ਸੁਝਾਅ ਦਿੱਤੇ ਹਨ।’ ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ਉੱਤੇ ਧਰਨੇ ’ਤੇ ਬੈਠੀਆਂ ਕਿਸਾਨ ਯੂਨੀਅਨਾਂ ਦਾ ਕੋਈ ਵੀ ਨੁਮਾਇੰਦਾ ਅੱਜ ਦੀ ਗੱਲਬਾਤ ਵਿੱਚ ਸ਼ਾਮਲ ਨਹੀਂ ਸੀ।