ਨਵੀਂ ਦਿੱਲੀ: ਕੇਂਦਰ ਸਰਕਾਰ ਨੇ 8 ਨਵੰਬਰ ਤੋਂ ਆਪਣੇ ਸਾਰੇ ਮੁਲਾਜ਼ਮਾਂ ਲਈ ਬਾਇਓਮੀਟਰਿਕ ਹਾਜ਼ਰੀ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਮਲਾ ਮੰਤਰਾਲਾ ਨੇ ਕਿਹਾ ਕਿ ਵਿਭਾਗਾਂ ਦੇ ਮੁਖੀ ਬਾਇਓਮੀਟਰਿਕ ਮਸ਼ੀਨਾਂ ਨਾਲ ਲਾਜ਼ਮੀ ਸੈਨੇਟਾਈਜ਼ਰ ਰੱਖਣਾ ਯਕੀਨੀ ਬਣਾਉਣਗੇ। ਇਹ ਵੇਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਸਾਰੇ ਮੁਲਾਜ਼ਮ ਹਾਜ਼ਰੀ ਲਾਉਣ ਤੋਂ ਪਹਿਲਾਂ ਤੇ ਮਗਰੋਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ। ਕਾਬਿਲੇਗੌਰ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਰਕੇ ਮੁਲਾਜ਼ਮਾਂ ਦੀ ਬਾਇਓਮੀਟਰਿਕ ਹਾਜ਼ਰੀ ’ਤੇ ਰੋਕ ਲਾ ਦਿੱਤੀ ਗਈ ਸੀ। ਅਮਲਾ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਕੀਤੇ ਹੁਕਮਾਂ ਵਿੱਚ ਕਿਹਾ, ‘‘ਹਾਜ਼ਰੀ ਲਾਉਣ ਮੌਕੇ ਸਾਰੇ ਮੁਲਾਜ਼ਮ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਨੇਮ ਦੀ ਪਾਲਣਾ ਯਕੀਨੀ ਬਣਾਉਣਗੇ। ਲੋੜ ਪੈਣ ’ਤੇ ਭੀੜ ਘਟਾਉਣ ਲਈ ਵਧੀਕ ਬਾਇਓਮੀਟਰਿਕ ਮਸ਼ੀਨਾਂ ਵੀ ਲਾਈਆਂ ਜਾ ਸਕਦੀਆਂ ਹਨ।’’ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਕਿ ਸਾਰੇ ਮੁਲਾਜ਼ਮਾਂ ਨੂੰ ਹਾਜ਼ਰੀ ਲਾਉਣ ਮੌਕੇ ਹਰ ਸਮੇਂ ਮਾਸਕ ਜਾਂ ਫੇਸ ਕਵਰ ਪਾ ਕੇ ਰੱਖਣੇ ਹੋਣਗੇ। ਜਿੱਥੋਂ ਤੱਕ ਸੰਭਵ ਹੋਵੇ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਣ ਤੇ ਨਿੱਜੀ ਮੀਟਿੰਗਾਂ ਤੋਂ ਟਾਲਾ ਵੱਟਿਆ ਜਾਵੇ। ਸਾਰੇ ਅਧਿਕਾਰੀਆਂ ਤੇ ਹੋਰ ਸਟਾਫ਼ ਨੂੰ ਕੋਵਿਡ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ