ਨਵੀਂ ਦਿੱਲੀ: ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ‘ਕੈਂਪਾ ਫੰਡ’ ਸਿਰਫ਼ ਤੇ ਸਿਰਫ਼ ਬੂਟੇ ਲਾਉਣ ਲਈ ਵਰਤੇ ਜਾਣ ਨਾ ਕਿ ਤਨਖ਼ਾਹਾਂ ਦੇਣ ਲਈ। ਸੂਬਿਆਂ ਦੇ ਜੰਗਲਾਤ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਵਿਚ ਜਾਵੜੇਕਰ ਨੇ ਕਿਹਾ ਕਿ ਅਥਾਰਿਟੀ ਦੇ ਅੱਸੀ ਫ਼ੀਸਦ ਪੈਸੇ ਦੀ ਵਰਤੋਂ ਮੁਫ਼ਤ ਬੂਟੇ ਲਾਉਣ ਤੇ ਜੰਗਲਾਤ ਦਾ ਰਕਬਾ ਵਧਾਉਣ ਲਈ ਹੀ ਕੀਤੀ ਜਾਣੀ ਚਾਹੀਦੀ ਹੈ। ਬਾਕੀ ਪੈਸਾ ਸਮਰੱਥਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੰਗਲੀ ਰਕਬਾ ਘਟਣ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਬਿਹਤਰ ਪ੍ਰਬੰਧਨ ਤੇ ਯੋਜਨਾਬੰਦੀ ਲਈ ਇਹ ਅਥਾਰਿਟੀ ਤੇ ਫੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਇਸ ਪੈਸੇ ਦੀ ਵਰਤੋਂ ਤਨਖ਼ਾਹਾਂ ਦੀ ਅਦਾਇਗੀ, ਯਾਤਰਾ ਭੱਤਾ ਤੇ ਮੈਡੀਕਲ ਅਦਾਇਗੀ ਲਈ ਨਾ ਕਰਨ।
-ਪੀਟੀਆਈ