ਨਵੀਂ ਦਿੱਲੀ, 19 ਸਤੰਬਰ
ਸਰਕਾਰ ਨੇ ਰਾਜ ਸਭਾ ਨੂੰ ਦੱਸਿਆ ਹੈ ਕਿ ਕੋਵਿਡ-10 ਤਾਲਾਬਦੀ ਦੌਰਾਨ ਚਲਾਈਆਂ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਵਿੱਚ ਸਵਾਰ 97 ਵਿਅਕਤੀਆਂ ਦੀ ਮੌਤ ਹੋਈ ਹੈ। ਸਰਕਾਰ ਨੇ ਇਹ ਪਹਿਲੀ ਵਾਰ ਮੰਨਿਆ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਰੇਲ ਗੱਡੀਆਂ ਵਿਚ ਆਪਣੀ ਜਾਨ ਗਈ। ਇਸ ਤੋਂ ਪਹਿਲਾਂ ਸਰਕਾਰ ਕਹਿ ਰਹੀ ਸੀ ਕਿ ਉਸ ਕੋਲ ਅਜਿਹਾ ਕੋਈ ਡਾਟਾ ਨਹੀਂ। ਸ਼ੁੱਕਰਵਾਰ ਨੂੰ ਟੀਐੱਮਸੀ ਦੇ ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਵੱਲੋਂ ਪੁੱਛੇ ਗਏ ਸਵਾਲ ਲਿਖਤੀ ਜਵਾਬ ਵਿੱਚ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਸੰਸਦ ਦੇ ਉਪਰਲੇ ਸਦਨ ਨੂੰ ਇਹ ਅੰਕੜੇ ਮੁਹੱਈਆ ਕਰਵਾਏ। ਮੰਤਰੀ ਨੇ ਕਿਹਾ, “ਰਾਜ ਪੁਲੀਸ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਅਧਾਰ ‘ਤੇ ਵਿਸ਼ੇਸ਼ ਰੇਲਗੱਡੀਆਂ’ ਤੇ ਸਵਾਰ 9 ਸਤੰਬਰ 2020 ਤੱਕ 97 ਵਿਅਕਤੀਆਂ ਦੀ ਮੌਤ ਹੋਈ ਹੈ। ਰਾਜ ਦੇ ਪੁਲੀਸ ਬਲਾਂ ਤੋਂ ਹੁਣ ਤੱਕ ਕੁੱਲ 51 ਪੋਸਟ ਮਾਰਟਮ ਦੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਵਿਚ ਮੌਤਾਂ ਦਾ ਕਾਰਨ ਗੰਭੀਰ ਬਿਮਾਰੀਆਂ ਨੂੰ ਦੱਸਿਆ ਗਿਆ ਹੈ।