ਸ੍ਰੀਨਗਰ, 21 ਅਗਸਤ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕੇਂਦਰ ਸਰਕਾਰ ਨੂੰ ਅਫ਼ਗਾਨਿਸਤਾਨ ਦੇ ਹਾਲਾਤ ਤੋਂ ਸਬਕ ਲੈਣ ਲਈ ਕਿਹਾ ਜਿੱਥੇ ਤਾਲਿਬਾਨ ਨੇ ਕਬਜ਼ਾ ਕਰਕੇ ਅਮਰੀਕੀ ਫੌਜਾਂ ਨੂੰ ਉੱਥੋਂ ਭਜਾ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ ਕਸ਼ਮੀਰ ’ਚ ਗੱਲਬਾਤ ਸ਼ੁਰੂ ਕੀਤੀ ਜਾਵੇ ਅਤੇ ਇਸ ਦੇ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ।
ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ‘ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲਵੋ।’ ਕੁਲਗਾਮ ਜ਼ਿਲ੍ਹੇ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ, ‘ਆਪਣਾ ਰਵੱਈਆ ਬਦਲੋ। ਹਾਲਾਤ ਨੂੰ ਸਮਝੋ ਤੇ ਦੇਖੋ ਤੁਹਾਡੇ ਗੁਆਂਢ ’ਚ ਕੀ ਹੋ ਰਿਹਾ ਹੈ।’ ਉਨ੍ਹਾਂ ਕਿਹਾ, ‘ਮਹਾਸ਼ਕਤੀ ਅਮਰੀਕਾ ਨੂੰ ਆਪਣਾ ਬੋਰੀ-ਬਿਸਤਰਾ ਗੋਲ ਕਰਕੇ ਭੱਜਣਾ ਪਿਆ। ਤੁਹਾਡੇ (ਕੇਂਦਰ) ਕੋਲ ਅਜੇ ਵੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਰ੍ਹਾਂ ਜੰਮੂ ਕਸ਼ਮੀਰ ’ਚ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਗੈਰਕਾਨੂੰਨੀ ਤੇ ਗ਼ੈਰਸੰਵਿਧਾਨਕ ਢੰਗ ਨਾਲ ਜੰਮੂ ਕਸ਼ਮੀਰ ਦੀ ਪਛਾਣ ਖੋਹਣ ਤੇ ਇਸ ਨੂੰ ਤੋੜਨ ਸਬੰਧੀ ਆਪਣੀ ਭੁੱਲ ਸੁਧਾਰਨ ਦਾ ਮੌਕਾ ਹੈ। ਨਹੀਂ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ।’ ਉਨ੍ਹਾਂ ਨੌਜਵਾਨਾਂ ਨੂੰ ਹਥਿਆਰ ਨਾ ਚੁੱਕਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਮਸਲਾ ਬੰਦੂਕਾਂ ਤੇ ਪੱਥਰਾਂ ਨਾਲ ਹੱਲ ਨਹੀਂ ਹੋ ਸਕਦਾ। -ਪੀਟੀਆਈ
ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਮਹਬਿੂਬਾ: ਭਾਜਪਾ
ਜੰਮੂ: ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਅੱਜ ਮਹਬਿੂਬਾ ਮੁਫਤੀ ’ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਇੱਕ ਤਾਕਤਵਰ ਦੇਸ਼ ਹੈ ਅਤੇ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਬਣਾਈ ਰੱਖਣ ਲਈ ਤਾਲਿਬਾਨ, ਅਲ-ਕਾਇਦਾ, ਲਸ਼ਕਰ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਵਰਗੀਆਂ ਅਤਿਵਾਦੀ ਜਥੇਬੰਦੀਆਂ ਨੂੰ ਖਤਮ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮਹਬਿੂਬਾ ਨੂੰ ਕੁਝ ਗਲਤਫਹਿਮੀਆਂ ਹਨ। ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਉਲਟ ਹਨ ਜੋ ਅਫ਼ਗਾਨਿਸਤਾਨ ਤੋਂ ਹੱਟ ਗਏ। ਜੋ ਵੀ ਭਾਰਤ ਖ਼ਿਲਾਫ਼ ਸਾਜ਼ਿਸ਼ ਰਚੇਗਾ, ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। -ਪੀਟੀਆਈ
ਜੰਮੂ ਕਸ਼ਮੀਰ ’ਚ ਭਾਜਪਾ ਆਗੂ ਨੂੰ ਅਤਿਵਾਦੀਆਂ ਦੀ ਮਿਲੀ ਧਮਕੀ
ਜੰਮੂ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਵਿੰਦਰ ਰੈਣਾ ਨੇ ਅੱਜ ਕਿਹਾ ਕਿ ਪਾਕਿਸਤਾਨ ਸਥਿਤ ਅਤਿਵਾਦੀ ਜੰਮੂ ਕਸ਼ਮੀਰ ’ਚ ਭਾਜਪਾ ਨੂੰ ਮਿਲ ਰਹੇ ਹੁੰਗਾਰੇ ਤੋਂ ਪ੍ਰੇਸ਼ਾਨ ਹਨ ਅਤੇ ਉਹ ਸ਼ਾਂਤੀ ਦੀ ਪ੍ਰਕਿਰਿਆ ’ਚ ਅੜਿੱਕਾ ਪਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਖੁਫੀਆ ਏਜੰਸੀਆਂ ਨੇ ਸੂਚਨਾ ਦਿੱਤੀ ਹੈ ਕਿ ਇੱਕ ਅਤਿਵਾਦੀ ਜਥੇਬੰਦੀ ਨੇ ਉਸ ਨੂੰ ਧਮਕੀ ਦਿੱਤੀ ਹੈ। ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਤਿਵਾਦੀਆਂ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਦੀ ਹੱਤਿਆ ਕੀਤੇ ਜਾਣ ਨਿੰਦਾ ਕਰਦਿਆਂ ਕਿਹਾ ਕਿ ਉਹ ਅਜਿਹਾ ਕਰਕੇ ਲੋਕਾਂ ’ਚ ਡਰ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ’ਚ ਪਿਛਲੇ ਦੋ ਸਾਲਾਂ ’ਚ ਉਨ੍ਹਾਂ ਦੇ 23 ਮੈਂਬਰਾਂ ਦੀ ਹੱਤਿਆ ਕੀਤੀ ਗਈ ਹੈ। ਰੈਣਾ ਨੇ ਕਿਹਾ, ‘ਖੁਫੀਆ ਏਜੰਸੀਆਂ ਨੇ ਮੈਨੂੰ ਸੋਸ਼ਲ ਮੀਡੀਆ ’ਤੇ ਮੇਰੇ ਖ਼ਿਲਾਫ਼ ਟੀਆਰਐੱਫ (ਦਿ ਰੈਜ਼ੀਡੈਂਟਸ ਫਰੰਟ) ਦੇ ਧਮਕੀ ਭਰੇ ਬਿਆਨ ਬਾਰੇ ਦੱਸਿਆ। ਮੈਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਧਮਕੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ।’ -ਪੀਟੀਆਈ