ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਠੀਕ ਨਹੀਂ ਹੈ ਤੇ ਉਹ ਲੰਬੀ ਗੱਲਬਾਤ ਵਾਰ ਵਾਰ ਕਰ ਕੇ ਪੋਲਾ-ਪਤਲਾ ਸਮਝੌਤਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਸੰਘਰਸ਼ ਦੀ ਸਾਂਝੀ ਕਮੇਟੀ ਬਣਾਉਣ ਦੀ ਤਜਵੀਜ਼ ਸਭ ਤੋਂ ਖ਼ਤਰਨਾਕ ਕਦਮ ਹੈ ਤੇ ਜਥੇਬੰਦੀ ਇਸ ਪੱਖ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਜੇਕਰ ਕਾਨੂੰਨਾਂ ’ਚ ਗਲਤੀਆਂ ਹਨ ਤਾਂ ਜਥੇਬੰਦੀਆਂ ਇਸ ਬਾਰੇ ਦੱਸਣ, ਪਰ ਇਹ ਖੇਤੀ ਕਾਨੂੰਨ ਸਾਰੇ ਪੱਖਾਂ ਤੋਂ ਗਲਤ ਤੇ ਖੇਤੀ ਵਿਰੋਧੀ ਤੇ ਕਾਰਪੋਰੇਟ ਪੱਖੀ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਉਸਾਰੂ ਅਤੇ ਸਿੱਟਾ-ਮੁਖੀ ਗੱਲਬਾਤ ਨਾ ਹੋਣ ਕਾਰਨ ਇਸ ਵਾਰਤਾਲਾਪ ਵਿੱਚ ਸ਼ਾਮਲ ਨਹੀਂ ਹੋਵੇਗੀ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਸਭਰਾਂ, ਜਸਬੀਰ ਸਿੰਘ ਪਿੰਦੀ ਅਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਦੀ ਅਗਵਾਈ ਹੇਠ ਕੁੰਡਲੀ ਬਾਰਡਰ ’ਤੇ ਮੋਰਚਾ ਕਾਨੂੰਨਾਂ ਦੇ ਰੱਦ ਕਰਵਾਉਣ ਤੱਕ ਜਾਰੀ ਰਹੇਗਾ।