ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਸਰਵੀਕਲ ਕੈਂਸਰ ਦੀ ਰੋਕਥਾਮ ਲਈ ਦੇਸ਼ ’ਚ ਵਿਕਸਤ ਪਹਿਲੀ ਹਿਊਮਨ ਪਾਪੀਲੋਮਾ ਵਾਇਰਸ (ਐੱਚਪੀਵੀ) ਵੈਕਸੀਨ ਕੁਝ ਮਹੀਨਿਆਂ ’ਚ ਲਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ 200 ਤੋਂ 400 ਰੁਪਏ ਵਿਚਕਾਰ ਸਸਤੇ ਭਾਅ ’ਤੇ ਮਿਲੇਗੀ। ਵਿਗਿਆਨਕ ਪੱਧਰ ’ਤੇ ਵੈਕਸੀਨ ਤਿਆਰ ਹੋਣ ਦਾ ਐਲਾਨ ਕਰਦਿਆਂ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਵੈਕਸੀਨ ਸਸਤੀ ਹੋਵੇਗੀ ਅਤੇ ਸਰਕਾਰ ਯਕੀਨ ਬਣਾਏਗੀ ਕਿ ਇਸ ਦੀ ਪਹੁੰਚ ਆਮ ਵਿਅਕਤੀਆਂ ਤੱਕ ਵੀ ਹੋਵੇ। ਉਨ੍ਹਾਂ ਕਿਹਾ ਕਿ ਕੋਵਿਡ ਨੇ ਸਿਹਤ-ਸੰਭਾਲ ਬਾਰੇ ਜਾਗਰੂਕਤਾ ਵਧਾਈ ਹੈ ਜਿਸ ਕਾਰਨ ਸਰਵੀਕਲ ਕੈਂਸਰ ਵਰਗੇ ਰੋਗਾਂ ਦੀਆਂ ਵੈਕਸੀਨ ਵੀ ਵਿਕਸਤ ਹੋਣ ਲੱਗ ਪਈਆਂ ਹਨ। ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਸਾਲ ਦੇ ਅਖੀਰ ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੈਕਸੀਨ ਸਰਕਾਰੀ ਚੈਨਲਾਂ ਰਾਹੀਂ ਮਿਲੇਗੀ ਅਤੇ ਅਗਲੇ ਸਾਲ ਤੋਂ ਕੁਝ ਪ੍ਰਾਈਵੇਟ ਭਾਈਵਾਲਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ 20 ਕਰੋੜ ਖੁਰਾਕਾਂ ਤਿਆਰ ਕਰਨ ਦੀ ਯੋਜਨਾ ਹੈ ਅਤੇ ਵੈਕਸੀਨ ਪਹਿਲਾਂ ਭਾਰਤ ’ਚ ਮੁਹੱਈਆ ਕਰਵਾਈ ਜਾਵੇਗੀ। ਜਦੋਂ ਦੇਸ਼ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਤਾਂ ਫਿਰ ਹੋਰ ਮੁਲਕਾਂ ਨੂੰ ਇਹ ਬਰਾਮਦ ਕੀਤੀ ਜਾਵੇਗੀ। ਉਧਰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਵੱਲੋਂ ਕੋਵਿਡ-19 ਦੇ ਓਮੀਕਰੋਨ ਸਰੂਪ ਲਈ ਵੈਕਸੀਨ ਛੇ ਮਹੀਨਿਆਂ ਮਗਰੋਂ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੂਨਾਵਾਲਾ ਨੇ ਕਿਹਾ ਕਿ ਓਮੀਕਰੋਨ ਵੈਕਸੀਨ ਲਈ ਅਮਰੀਕੀ ਬਾਇਓਤਕਨਾਲੋਜੀ ਕੰਪਨੀ ਨੋਵੋਵੈਕਸ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ