ਨਵੀਂ ਦਿੱਲੀ, 4 ਜੁਲਾਈ
ਹਰਸ਼ ਚੌਹਾਨ ਨੇ ਕੌਮੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਵਿਚ ਅਜੇ 8 ਮਹੀਨੇ ਬਾਕੀ ਸਨ। ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਚੌਹਾਨ ਨੂੰ ਜੰਗਲਾਤ ਤੇ ਕਬਾਇਲੀ ਹੱਕਾਂ ਦੇ ਮੁੱਦੇ ’ਤੇ ਕੇਂਦਰੀ ਵਾਤਾਵਰਨ ਮੰਤਰਾਲੇ ਅੱਗੇ ਡਟਣ ਦੀ ਕੀਮਤ ਤਾਰਨੀ ਪਈ ਹੈ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਚੌਹਾਨ ਦਾ ਅਸਤੀਫ਼ਾ ਸਰਕਾਰ ਵੱਲੋਂ ਸਾਲਾਨਾ ਕਾਰਗੁਜ਼ਾਰੀ ਦੀ ਕੀਤੇ ਮੁਲਾਂਕਣ ਤੋਂ ਬਾਅਦ ਆਇਆ ਹੈ। ਸੂਤਰਾਂ ਮੁਤਾਬਕ ‘ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਸਿਰਫ਼ ਦੋ ਸੁਣਵਾਈਆਂ ਵਿਚ ਹਿੱਸਾ ਲੈ ਸਕੇ ਹਨ। ਮੈਂਬਰ ਅਨੰਤ ਨਾਇਕ ਨੇ ਬਾਕੀ ਸੁਣਵਾਈਆਂ ਵਿਚ ਹਿੱਸਾ ਲਿਆ ਹੈ।’ ਕਮਿਸ਼ਨ ਦੇ ਨਿਯਮਾਂ ਮੁਤਾਬਕ ਸੁਣਵਾਈ ਕਰਨਾ ਚੇਅਰਪਰਸਨ ਦੀ ਜ਼ਿੰਮੇਵਾਰੀ ਹੈ। ਉਸ ਦੀ ਗੈਰ-ਮੌਜੂਦਗੀ ਵਿਚ ਉਪ-ਚੇਅਰਮੈਨ ਨੂੰ ਸੁਣਵਾਈ ਕਰਨੀ ਚਾਹੀਦੀ ਹੈ।ਹਰਸ਼ ਚੌਹਾਨ ਨੂੰ ਫਰਵਰੀ 2021 ਵਿਚ ਕੌਮੀ ਅਨੁਸੂਚਿਤ ਜਨਜਾਤੀ ਕਮਿਸ਼ਨ ਦਾ ਚੇਅਰਪਰਸਨ ਲਾਇਆ ਗਿਆ ਸੀ ਜੋ ਕਿ ਇਕ ਸੰਵਿਧਾਨਕ ਇਕਾਈ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਹਰਸ਼ ਚੌਹਾਨ ਕਈ ਮੁੱਦਿਆਂ ’ਤੇ ਸਖ਼ਤ ਇਤਰਾਜ਼ ਜਤਾ ਰਹੇ ਸਨ ਜਿਵੇਂ ਕਈ ਕਾਰਕੁਨ ਵੀ ਜਤਾ ਰਹੇ ਸਨ। ਉਹ ਪਿਛਲੇ ਦੋ ਸਾਲਾਂ ਵਿਚ ਜੰਗਲਾਤ ਸਬੰਧੀ ‘ਕਾਨੂੰਨਾਂ ਨੂੰ ਕਮਜ਼ੋਰ ਕੀਤੇ ਜਾਣ ਨਾਲ ਸਹਿਮਤ ਨਹੀਂ ਸਨ, ਜਿਨ੍ਹਾਂ ਨਾਲ ਆਦਿਵਾਸੀਆਂ ਦੇ ਹਿੱਤ ਕਮਜ਼ੋਰ ਹੋ ਰਹੇ ਸਨ।’ ਚੌਹਾਨ ਦੇ ਅਸਤੀਫ਼ੇ ਤੋਂ ਬਾਅਦ ਕਮਿਸ਼ਨ ਵਿਚ ਸਿਰਫ਼ ਇਕ ਮੈਂਬਰ ਅਨੰਤ ਨਾਇਕ ਰਹਿ ਗਏ ਹਨ। -ਪੀਟੀਆਈ