ਮੁੰਬਈ, 10 ਦਸੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਾਅਵਾ ਕੀਤਾ ਹੈ ਕਿ ਚੰਦਾ ਕੋਛੜ ਉਸ ਕਮੇਟੀ ਦਾ ਹਿੱਸਾ ਸੀ ਜਿਸ ’ਚ ਵੀਡੀਓਕੋਨ ਗਰੁੱਪ ਨੂੰ 46 ਫ਼ੀਸਦੀ ਕਰਜ਼ੇ ਦੇਣ ਦੀ ਸਹਿਮਤੀ ਦਿੱਤੀ ਗਈ। ਇਨ੍ਹਾਂ ’ਚੋਂ 5,394 ਕਰੋੜ ਰੁਪਏ ਦੇ 8 ਪ੍ਰਸਤਾਵਾਂ ’ਤੇ ਮਨਜ਼ੂਰੀ ਉਸ ਸਮੇਂ ਦਿੱਤੀ ਗਈ ਜਦੋਂ ਕੋਛੜ ਆਈਸੀਆਈਸੀਆਈ ਬੈਂਕ ਦੀ ਐੱਮਡੀ ਅਤੇ ਸੀਈਓ ਸੀ। ਈਡੀ ਨੇ ਇਹ ਖ਼ੁਲਾਸਾ ਚਾਰਜਸ਼ੀਟ ’ਚ ਕੀਤਾ ਹੈ ਜੋ ਪਿਛਲੇ ਮਹੀਨੇ ਦਾਖ਼ਲ ਕੀਤੀ ਗਈ ਹੈ। ਈਡੀ ਨੇ ਆਈਸੀਆਈਸੀਆਈ ਬੈਂਕ-ਵੀਡੀਓਕੋਨ ਕਰਜ਼ਾ ਕੇਸ ’ਚ ਪਹਿਲੀ ਚਾਰਜਸ਼ੀਟ ਨਵੰਬਰ ਦੇ ਪਹਿਲੇ ਹਫ਼ਤੇ ’ਚ ਦਾਖ਼ਲ ਕੀਤੀ ਸੀ ਜਿਸ ’ਚ ਚੰਦਾ ਅਤੇ ਦੀਪਕ ਕੋਛੜ, ਵੀਡੀਓਕੋਨ ਦੇ ਵੇਣੂਗੋਪਾਲ ਧੂਤ, ਵੀਡੀਓਕੋਨ ਇੰਡਸਟਰੀਜ਼, ਐੱਨਪੀਆਰਐੱਲ, ਸੁਪਰੀਮ ਐਨਰਜੀ ਅਤੇ ਹੋਰਾਂ ਦੇ ਨਾਮ ਸ਼ਾਮਲ ਹਨ। ਈਡੀ ਨੇ ਦੀਪਕ ਕੋਛੜ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹ ਇਸ ਸਮੇਂ ਜੁਡੀਸ਼ਲ ਹਿਰਾਸਤ ’ਚ ਹੈ। ਸੂਤਰਾਂ ਮੁਤਾਬਕ ਬੈਂਕ ਦੇ ਨੇਮਾਂ ਨੂੰ ਛਿੱਕੇ ਟੰਗ ਕੇ ਇਹ ਕਰਜ਼ੇ ਦਿੱਤੇ ਗਏ ਸਨ। -ਆਈਏਐਨਐਸ