ਗੌਂਡਾ(ਯੂਪੀ), 19 ਜੁਲਾਈ
ਯੂਪੀ ਦੇ ਗੌਂਡਾ ਵਿਚ ਵੀਰਵਾਰ ਬਾਅਦ ਦੁਪਹਿਰ ਚੰਡੀਗੜ੍ਹ-ਡਿਬਰੂਗੜ੍ਹ ਐੱਕਸਪ੍ਰੈਸ ਦੇ ਅੱਠ ਡੱਬਿਆਂ ਦੇ ਲੀਹੋਂ ਲੱਥਣ ਕਰਕੇ ਵਾਪਰੇ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ ਜਦੋਂਕਿ 31 ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਜ਼ਖ਼ਮੀਆਂ ਵਿਚੋਂ ਅੱਧਾ ਦਰਜਨ ਦੀ ਹਾਲਤ ਨਾਜ਼ੁਕ ਹੈ। ਗੌਂਡਾ ਦੀ ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਕਿਹਾ, ‘‘ਹੁਣ ਤੱਕ ਚਾਰ ਮੁਸਾਫ਼ਰਾਂ ਦੀ ਮੌਤ ਹੋਈ ਹੈ ਤੇ 31 ਜ਼ਖ਼ਮੀ ਹਨ। ਜ਼ਖਮੀਆਂ ਵਿਚੋਂ ਵੀ ਅੱਧੀ ਦਰਜਨ ਦੇ ਕਰੀਬ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿਚ ਰਾਹੁਲ (38), ਸਰੋਜ ਕੁਮਾਰ ਸਿੰਘ (31) ਤੇ ਦੋ ਅਣਪਛਾਤੇ ਮੁਸਾਫ਼ਰ ਸ਼ਾਮਲ ਹਨ ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਸ਼ੁੱਕਰਵਾਰ ਸਵੇਰੇ ਮਿਲੀ ਹੈ।’’ ਰੇਲਵੇ ਅਧਿਕਾਰੀ ਨੇ ਕਿਹਾ ਕਿ ਉੱਚ ਪੱਧਰੀ ਜਾਂਚ ਤੋਂ ਬਾਅਦ ਹੀ ਰੇਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਰੇਲਵੇ ਦੀ ਤਕਨੀਕੀ ਟੀਮ, ਜੋ ਬੀਤੀ ਰਾਤ ਹੀ ਮੌਕੇ ’ਤੇ ਪੁੱਜ ਗਈ ਸੀ, ਵਲੋਂ ਹਾਦਸੇ ਵਾਲੀ ਥਾਂ ਤੋਂ ਨਮੂਨੇ ਇਕੱਤਰ ਕਰਨ ਤੋਂ ਇਲਾਵਾ ਤਸਵੀਰਾਂ ਵੀ ਲਈਆਂ ਗਈਆਂ ਹਨ। -ਪੀਟੀਆਈ