* ਮੁਲਜ਼ਮ ਕੋਲੋਂ ਗੋਲੀ-ਸਿੱਕੇ ਤੋਂ ਇਲਾਵਾ 9 ਐੱਮਐੱਮ ਪਿਸਤੌਲ ਵੀ ਬਰਾਮਦ
ਚੰਡੀਗੜ੍ਹ, 13 ਸਤੰਬਰ
ਪੰਜਾਬ ਪੁਲੀਸ ਨੇ ਚੰਡੀਗੜ੍ਹ ਗ੍ਰਨੇਡ ਹਮਲੇ ਮਾਮਲੇ ’ਚ ਅੱਜ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾਲ ਹੀ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ‘ਪਸ਼ੀਆ’ ਮੁੱਖ ਸਾਜ਼ਿਸ਼ਘਾੜੇ ਸਨ। ਚੰਡੀਗੜ੍ਹ ਦੇ ਸੈਕਟਰ-10 ਇਹ ਧਮਾਕਾ ਬੁੱਧਵਾਰ ਨੂੰ ਹੋਇਆ ਸੀ ਅਤੇ ਘਰ ਦੇ ਮਾਲਕ ਨੇ ਦਾਅਵਾ ਕੀਤਾ ਸੀ ਕਿ ਇੱਕ ਆਟੋ ਰਿਕਸ਼ਾ ’ਚ ਆਏ ਦੋ ਵਿਅਕਤੀਆਂ ਨੇ ਗ੍ਰਨੇਡ ਸੁੱਟਿਆ ਸੀ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰੋਹਨ ਮਸੀਹ ਵਾਸੀ ਪਿੰਡ ਪਸ਼ੀਆ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੇ ਅਪਰੇਸ਼ਨ ਦੌਰਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਕੋਲੋਂ ਗੋਲੀਸਿੱਕੇ ਤੋਂ ਇਲਾਵਾ ਇੱਕ 9ਐੱਮਐੱਮ ਗਲੌਕ ਪਿਸਤੌਲ ਵੀ ਬਰਾਮਦ ਹੋਇਆ ਹੈ। ਡੀਜੀਪੀ ਨੇ ਕਿਹਾ, ‘ਘਟਨਾ ਵਿੱਚ ਵਰਤਿਆ ਗਿਆ ਹੱਥਗੋਲਾ (ਗ੍ਰਨੇਡ) ਫੌਜ ਵੱਲੋਂ ਵਰਤੇ ਜਾਂਦੇ ਗ੍ਰਨੇਡਾਂ ਵਰਗਾ ਸੀ ਜੋ ਸਰਹੱਦ ਪਾਰੋਂ ਆਈਐੱਸਆਈ (ਇੰਟਰ-ਸਰਵਿਸਿਜ਼ ਇੰਟੈਲੀਜੈਂਸ) ਦੀ ਮਦਦ ਨਾਲ ਡਰੋਨ ਰਾਹੀਂ ਮੰਗਵਾਇਆ ਗਿਆ ਸੀ।’
ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਪੁਲੀਸ ਨੂੰ ਪੂਰਾ ਸਹਿਯੋਗ ਦੇਣ ਦਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਇਸ ਕੇਸ ’ਚ ਹੋਰ ਮੁਲਜ਼ਮਾਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਰੋਹਨ ਕੁਝ ਜੰਮੂ ਕਸ਼ਮੀਰ ’ਚ ਕੰਮ ਕਰਦਾ ਰਿਹਾ ਹੈ ਅਤੇ ਇੱਕੋ ਪਿੰਡ ਦੇ ਹੋਣ ਕਾਰਨ ਉਹ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆ ਨੂੰ ਜਾਣਦਾ ਸੀ। ਹੈਪੀ ਨੇ ਰੋਹਨ ਨੂੰ ਵਿੱਤੀ ਮਦਦ ਦਾ ਵਾਅਦਾ ਕਰਕੇ ਹਮਲਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਡੀਜੀਪੀ ਮੁਤਾਬਕ ਮੁੱਢਲੀ ਪੜਤਾਲ ਦੌਰਾਨ ਮੁਲਜ਼ਮ ਰੋਹਨ ਨੇ ਗ੍ਰਨੇਡ ਧਮਾਕੇ ’ਚ ਆਪਣੀ ਸ਼ਮੂਲੀਅਤ ਕਬੂਲੀ ਹੈ ਅਤੇ ਕਿਹਾ ਕਿ ਉਸ ਨੇ ਇਹ ਵਾਰਦਾਤ ਹੈਪੀ ਪਸ਼ੀਆ ਦੇ ਕਹਿਣ ’ਤੇ ਅੰਜਾਮ ਦਿੱਤੀ ਸੀ, ਜਿਸ ਨੇ ਆਪਣੇ ਸਹਿਯੋਗੀਆਂ ਰਾਹੀਂ ਉਸ ਨੂੰ ਗ੍ਰਨੇਡ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਸਹਾਇਕ ਇੰਸਪੈਕਟਰ ਜਨਰਲ ਸੁਖਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਰੋਹਨ ਆਪਣੇ ਸਾਥੀ ਨਾਲ ਅੰਮ੍ਰਿਤਸਰ ਵਾਪਸ ਆ ਗਿਆ ਸੀ। ਇੱਥੋਂ ਉਸ ਦੀ ਜੰਮੂ ਕਸ਼ਮੀਰ ਜਾਣ ਦੀ ਯੋਜਨਾ ਸੀ ਪਰ ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸਐੱਸਓਸੀ ਅੰਮ੍ਰਿਤਸਰ ਦੀ ਪੁਲੀਸ ਨੇ ਰੋਹਨ ਮਸੀਹ ਨੂੰ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਮਲੇ ’ਚ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। -ਪੀਟੀਆਈ