ਅਮਰਾਵਤੀ, 20 ਨਵੰਬਰ
ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਸੋਮਵਾਰ ਨੂੰ ਹੁਨਰ ਵਿਕਾਸ ਨਿਗਮ ਘੁਟਾਲਾ ਕੇਸ ਵਿੱਚ ਟੀਡੀਪੀ ਮੁਖੀ ਐਨ. ਚੰਦਰਬਾਬੂ ਨਾਇਡੂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਘੁਟਾਲੇ ਦੇ ਮਾਮਲੇ ’ਚ ਅਦਾਲਤ ਨੇ ਨਾਇਡੂ ਦੀ ਚਾਰ ਹਫ਼ਤਿਆਂ ਦੀ ਅੰਤਰਿਮ ਮੈਡੀਕਲ ਜ਼ਮਾਨਤ ਨੂੰ ਪੂਰਨ ਜ਼ਮਾਨਤ ਵਿੱਚ ਬਦਲ ਦਿੱਤਾ। ਹਾਲਾਂਕਿ ਅੰਤਰਿਮ ਜ਼ਮਾਨਤ ਦੀਆਂ ਸ਼ਰਤਾਂ ਜਿਵੇਂ ਕਿ ਹੁਨਰ ਵਿਕਾਸ ਨਿਗਮ ਘੁਟਾਲੇ ਦੇ ਮਾਮਲੇ ਨਾਲ ਸਬੰਧਤ ਕੋਈ ਵੀ ਜਨਤਕ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਜਾਂ ਜਨਤਕ ਰੈਲੀਆਂ ਅਤੇ ਮੀਟਿੰਗਾਂ ਕਰਨ ਜਾਂ ਉਨ੍ਹਾਂ ਵਿਚ ਹਿੱਸਾ ਲੈਣ ਤੋਂ ਗੁਰੇਜ਼ ਕਰਨ ਵਰਗੀਆਂ ਸ਼ਰਤਾਂ 28 ਨਵੰਬਰ ਤੱਕ ਲਾਗੂ ਰਹਿਣਗੀਆਂ। ਅਦਾਲਤ ਨੇ ਨਾਇਡੂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੈਡੀਕਲ ਰਿਪੋਰਟਾਂ ਨੂੰ ਵਿਜੇਵਾੜਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨ। -ਪੀਟੀਆਈ