ਮਿਸ਼ਨ ਚੰਦਰਯਾਨ-2 ਦੇ ਦੋ ਸਾਲ ਪੂਰੇ ਹੋਣ ’ਤੇ ਪੁਲਾੜ ਸੰਸਥਾ ਵੱਲੋਂ ਦੋ ਦਿਨਾਂ ਵਰਕਸ਼ਾਪ ਸ਼ੁਰੂ
ਬੰਗਲੂਰੂ, 6 ਸਤੰਬਰ
ਭਾਰਤ ਦੇ ਪੁਲਾੜ ਵਾਹਨ ‘ਚੰਦਰਯਾਨ-2’ ਨੇ ਚੰਦਰਮਾ ਦੇ 9 ਹਜ਼ਾਰ ਤੋਂ ਵੱਧ ਚੱਕਰ ਪੂਰੇ ਕਰ ਲਏ ਹਨ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਚੰਦਰਯਾਨ ਵੱਲੋਂ ਲਈਆਂ ਗਈਆਂ ਤਸਵੀਰਾਂ ਅਤੇ ਉਸ ਵਿੱਚ ਲੱਗੇ ਵਿਗਿਆਨਕ ਉਪਕਰਨ ਬਹੁਤ ਵਧੀਆ ਅੰਕੜੇ ਮੁਹੱਈਆ ਕਰਵਾ ਰਹੇ ਹਨ।
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਆਪਣੇ ਮਿਸ਼ਨ ਚੰਦਰਯਾਨ-2 ਦੇ ਦੋ ਸਾਲ ਪੂਰੇ ਹੋਣ ਦੇ ਸਬੰਧ ’ਚ ਦੋ ਦਿਨਾਂ ‘ਚੰਦਰ ਵਿਗਿਆਨ ਵਰਕਸ਼ਾਪ-2021’ ਸ਼ੁਰੂ ਕੀਤੀ ਹੈ। ਅੱਜ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ’ਚ ਵਿੱਚ ‘ਇਸਰੋ’ ਦੇ ਚੇਅਰਮੈਨ ਕੇ. ਸ਼ਿਵਨ ਨੇ ਦੱਸਿਆ ਕਿ ਚੰਦਰਯਾਨ-2 ਦੇ ਅੱਠ ਪੇਅਲੋਡ ਲੱਗਪਗ 100 ਕਿਲੋਮੀਟਰ ਦੂਰੋਂ ਚੰਦਰਮਾ ਦੀ ਸਤ੍ਵਾ ’ਤੇ ਦੂਰਸੰਵੇਦੀ ਅਤੇ ਸਥਿਤੀ ਨਿਗਰਾਨੀ ਤਕਨੀਕ ਰਾਹੀਂ ਵਿਗਿਆਨਕ ਪ੍ਰਯੋਗ ਕਰ ਰਹੇ ਹਨ। ਸ਼ਿਵਨ, ਜੋ ਕਿ ਪੁਲਾੜ ਵਿਭਾਗ ਦੇ ਸਕੱਤਰ ਵੀ ਹਨ, ਨੇ ਕਿਹਾ, ‘ਹੁਣ ਤੱਕ ਚੰਦਰਯਾਨ-2 ਨੇ ਚੰਦਰਮਾ ਦੇ ਪੰਧ ਵਿੱਚ 9 ਹਜ਼ਾਰ ਤੋਂ ਵੱਧ ਚੱਕਰ ਪੂਰੇ ਕਰ ਲਏ ਹਨ।’
ਇਸਰੋ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ ਸ਼ਿਵਨ ਨੇ ਚੰਦਰਯਾਨ-2 ਦੇ ਅੰਕੜਿਆਂ ਤੇ ਵਿਗਿਆਨਕ ਦਸਤਾਵੇਜ਼ਾਂ ਨੂੰ ਜਾਰੀ ਕੀਤਾ ਹੈ। ਇਸਰੋ ਨੇ ਕਿਹਾ, ‘ਵਿਗਿਆਨਕ ਅੰਕੜੇ ਸਿੱਖਿਆ ਖੇਤਰ ਅਤੇ ਸੰਸਥਾਵਾਂ ਦੇ ਵਿਸਲੇਸ਼ਣ ਲਈ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਕਿ ਮਿਸ਼ਨ ਵਿੱਚ ਹੋਰ ਜ਼ਿਆਦਾ ਵਿਗਿਆਨਕ ਹਿੱਸੇਦਾਰੀ ਹੋ ਸਕੇ। ਚੰਦਰਯਾਨ ਮਿਸ਼ਨ ਦੀ ਡਾਇਰੈਕਟਰ ਵਨੀਤ ਐੱਮ. ਨੇ ਕਿਹਾ ਕਿ ਚੰਦਰਯਾਨ-2 ਦੇ ਸਾਰੇ ਸਿਸਟਮ ਠੀਕ ਤਰ੍ਹਾਂ ਕੰਮ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਪੁਲਾੜ ਤੋਂ ਵਧੀਆ ਅੰਕੜੇ ਮਿਲਣਗੇ।’ -ਪੀਟੀਆਈ