* 23 ਸਾਲਾ ਨੇਹਾ ਚੌਰਸੀਆ ਦੀ ਹੋਈ ਨਿਰਵਿਰੋਧ ਚੋਣ
ਲਵਲੀਨ ਬੈਂਸ/ਅਪਰਨਾ ਬੈਨਰਜੀ/ਬਲਵੰਤ ਗਰਗ
ਲੁਧਿਆਣਾ/ਜਲੰਧਰ/ਫ਼ਰੀਦਕੋਟ, 14 ਅਕਤੂਬਰ
ਪੰਜਾਬ ਦੇ ਪਿੰਡਾਂ ਵਿੱਚ ਬਦਲ ਰਹੇ ਆਬਾਦੀ ਦੇ ਦ੍ਰਿਸ਼ ਦੇ ਮੱਦੇਨਜ਼ਰ ਇਸ ਵਾਰ ਸੂਬੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਅਖਾੜੇ ਵਿੱਚ ਪਰਵਾਸੀਆਂ ਦਾ ਦਾਖ਼ਲਾ ਵੀ ਧਿਆਨ ਦੇਣ ਯੋਗ ਹੈ। ਦੋ ਜਾਂ ਤਿੰਨ ਦਹਾਕੇ ਪਹਿਲਾਂ ਪੰਜਾਬ ਵਿੱਚ ਤਬਦੀਲ ਹੋਈ ਪਰਵਾਸੀ ਆਬਾਦੀ ਹੁਣ ਪੰਜਾਬੀ ਅਖਵਾਉਂਦੀ ਹੈ।
23 ਸਾਲਾ ਲੜਕੀ ਨੇਹਾ ਚੌਰਸੀਆ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਹਲਕੇ ਵਿੱਚ ਪੈਂਦੇ ਭਾਮੀਆਂ ਖੁਰਦ ਬਲਾਕ ਅਧੀਨ ਆਉਂਦੀ ਸ਼ੰਕਰ ਕਲੋਨੀ ਤੋਂ ਨਿਰਵਿਰੋਧ ਚੁਣੀ ਗਈ ਹੈ। ਨੇਹਾ ਹਾਕੀ ਦੀ ਸਾਬਕਾ ਸੂਬਾ ਪੱਧਰੀ ਖਿਡਾਰਨ ਹੈ। ਉਹ ਪੰਜਾਬ ਵਿੱਚ ਹੀ ਜੰਮੀ ਤੇ ਪਲੀ ਹੈ। ਨੇਹਾ ਆਪਣੀ ਪੰਚ ਮਾਂ ਵਿੱਦਿਆਵਤੀ ਦੇਵੀ ਨਾਲ ਮਿਲ ਕੇ ਗਰੀਨ ਬੈਲਟ ਵਿਕਸਤ ਕਰਨ ਵਰਗੀਆਂ ਜਨਤਕ ਭਲਾਈ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦੀ ਹੈ। ਨੇਹਾ ਨੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਟਰੈਫਿਕ ਮਾਰਸ਼ਲ ਵਜੋਂ ਵੀ ਸੇਵਾ ਨਿਭਾਈ ਸੀ। ਇਹ ਪਰਿਵਾਰ ਉੱਤਰ ਪ੍ਰਦੇਸ਼ ਦੇ ਬਲੀਆ ਨਾਲ ਸਬੰਧਤ ਹੈ। ਨੇਹਾ ਕਹਿੰਦੀ ਹੈ, ‘ਹੁਣ ਪੰਜਾਬ ਹੀ ਮੇਰਾ ਘਰ ਹੈ। ਮੈਂ ਵੀ ਖੁਸ਼ ਹਾਂ ਕਿ ਹੁਣ ਮੈਨੂੰ ਵੀ ਆਪਣੇ ਲੋਕਾਂ ਦੀ ਸੇਵਾ ਦਾ ਮੌਕਾ ਮਿਲੇਗਾ। ਇੱਥੇ ਸਾਡੇ ਵੋਟਰਾਂ ਵਿੱਚ ਹਿਮਾਚਲੀ, ਗੜ੍ਹਵਾਲੀ, ਰਾਜਸਥਾਨੀ ਤੇ ਪੰਜਾਬ ਦੇ ਰਲੇ-ਮਿਲੇ ਲੋਕ ਹਨ ਜੋ ਅਨੇਕਤਾ ਵਿੱਚ ਏਕਤਾ ਦਾ ਸਹੀ ਉਦਹਾਰਨ ਹੈ।’
ਰਾਮ ਨਗਰ ਵਿੱਚ, ਪਰਵਾਸੀ ਮਹਿਲਾ ਮਮਤਾ ਦੇਵੀ ਦੋ ਵਾਰ ਦੀ ਸਰਪੰਚ ਹੈ ਅਤੇ ਇਸ ਵਾਰ ਮੁੜ ਤੋਂ ਚੋਣ ਲੜ ਰਹੀ ਹੈ। ਪੂਨਮ ਤਾਜਪੁਰ ਬੇਟ ਤੋਂ ਚੋਣ ਲੜ ਰਹੀ ਹੈ। ਪ੍ਰਾਪਰਟੀ ਡੀਲਰ ਸੰਤੋਸ਼ ਕੁਮਾਰ ਨਾਲ ਵਿਆਹੀ ਪੂਨਮ ਆਪਣੇ ਦੋ ਬੱਚਿਆਂ ਦੇ ਨਾਲ ਆਪਣੇ ਘਰ ਤੇ ਸਿਆਸੀ ਜ਼ਿੰਦਗੀ ਨੂੰ ਬਰਾਬਰ ਕਰ ਕੇ ਚੱਲਦੀ ਆ ਰਹੀ ਹੈ। ਅਮਨ ਚੰਡੋਕ, ਸ਼ਾਂਤੀ ਵਿਹਾਰ ਪੰਚਾਇਤ ਤੋਂ ਚੋਣ ਲੜ ਰਿਹਾ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਵਾਲੇ ਦੋਆਬਾ ਇਲਾਕੇ ਦੀ ਪੇਂਡੂ ਬੈਲਟ ਵਿੱਚ ਵੀ ਕਈ ਪਰਵਾਸੀ ਪੰਚਾਇਤ ਚੋਣਾਂ ਲੜ ਰਹੇ ਹਨ। ਉਨ੍ਹਾਂ ਦਾ ਮਕਸਦ ਆਪਣੇ ਪਿੰਡਾਂ ਦੇ ਵੱਖ ਵੱਖ ਭਾਈਚਾਰਿਆਂ ਨੂੰ ਬਿਹਤਰ ਸਹੂਲਤਾਂ ਯਕੀਨੀ ਬਣਾਉਣਾ ਹੈ। ਬਿਹਾਰ ਦੇ ਖਗੜੀਆ ਸ਼ਹਿਰ ਨਾਲ ਸਬੰਧਤ 48 ਸਾਲਾ ਵਿਅਕਤੀ ਰਣਜੀਤ ਮੁਨੀ ਸੰਘੋਵਾਲ ਪਿੰਡ ਤੋਂ ਪੰਚ ਦੀ ਚੋਣ ਲੜ ਰਿਹਾ ਹੈ। ਉਹ 1984 ਵਿੱਚ ਆਪਣੇ ਪਰਿਵਾਰ ਦੇ ਨਾਲ ਪੰਜਾਬ ਆਇਆ ਸੀ। ਉਹ ਠੇਕਾ ਅਧਾਰ ’ਤੇ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਐਨਾ ਪੈਸਾ ਕਮਾ ਚੁੱਕਾ ਹਾਂ ਕਿ ਆਪਣਾ ਮਕਾਨ ਬਣਾ ਲਵਾਂ। ਮੈਂ ਆਪਣੇ ਗੁਆਂਢ ਵਿੱਚ ਰਹਿੰਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰਨਾ ਚਾਹੁੰਦਾ ਹਾਂ।’
ਪਿੰਡ ਰੋਡੇ ਖੁਰਦ ’ਚ ਪਰਵਾਸੀ ਪਰਿਵਾਰ ਦੀ ਨੂੰਹ ਚੋਣ ਮੈਦਾਨ ’ਚ
ਮੋਗਾ (ਮਹਿੰਦਰ ਸਿੰਘ ਰੱਤੀਆਂ):
ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਰੋਡੇ ਖੁਰਦ ਤੋਂ ਸਰਪੰਚੀ ਦੀ ਚੋਣ ਲਈ ਪਰਵਾਸੀ ਪਰਿਵਾਰ ਦੀ ਨੂੰਹ ਸੁਨੀਤਾ ਰਾਣੀ ਦਾ ਮੁਕਾਬਲਾ ਚਰਨਜੀਤ ਕੌਰ ਨਾਲ ਹੈ। ਚਰਨਜੀਤ ਦਾ ਪਤੀ ਲਖਵੀਰ ਸਿੰਘ ਪਲੰਬਰ ਹੈ, ਜਦੋਂ ਕਿ ਸੁਨੀਤਾ ਰਾਣੀ ਖੁਦ ਮੈਟ੍ਰਿਕ ਅਤੇ ਉਸ ਦਾ ਪਤੀ ਐੱਮਏ ਬੀਐੱਡ ਹੈ। ਪਿੰਡ ਦੀਆਂ 266 ਵੋਟਾਂ ਹਨ ਅਤੇ ਇਹ ਪਿੰਡ ਰਾਖਵਾਂ ਹੈ। ਇਹ ਪਰਿਵਾਰ ਇਥੇ ਕਰੀਬ 6 ਦਹਾਕੇ ਤੋਂ ਵਸਿਆ ਹੋਇਆ ਹੈ। ਪਰਿਵਾਰ ਦੇ ਮੁਖੀ ਬ੍ਰਿਜ ਲਾਲ ਮੁਤਾਬਕ ਉਸ ਦਾ ਜਨਮ 1972 ’ਚ ਪਿੰਡ ਰੋਡੇ ਵਿੱਚ ਹੋਇਆ। ਉਨ੍ਹਾਂ ਦਾ ਪਿਤਾ ਬਦਰੀਦਾਸ 1958 ਦੇ ਕਰੀਬ ਉੱਤਰ ਪ੍ਰਦੇਸ਼ ਤੋਂ ਇੱਥੇ ਆਏ ਸਨ ਅਤੇ ਉਹ ਡੀਐੱਮ ਕਾਲਜ ਅਤੇ ਗੁਰੂ ਨਾਨਕ ਡਿਗਰੀ ਕਾਲਜ ਰੋਡੇ ਵਿੱਚ ਚੌਥਾ ਦਰਜਾ ਕਰਮਚਾਰੀ ਵਜੋਂ 1991 ’ਚ ਸੇਵਾਮੁਕਤ ਹੋਏ। ਉਸ ਨੇ ਪੰਜਾਬ ’ਚ ਹੀ ਪੜ੍ਹਾਈ ਕੀਤੀ ਅਤੇ ਹੁਣ ਇਥੇ ਉਹ ਚੌਥਾ ਦਰਜਾ ਮੁਲਾਜ਼ਮ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਇਥੇ ਹੀ ਪੰਜਾਬੀ ਪੜ੍ਹੀ ਅਤੇ ਹੁਣ ਉਹ ਪੰਜਾਬੀ ਬੋਲਦੇ ਹਨ ਤੇ ਪੰਜਾਬੀਆਂ ਵਾਂਗ ਹੀ ਰਸਮਾਂ ਕਰਦੇ ਹਨ।