ਵਾਰਾਨਸੀ, 16 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਗੁਰੂ ਰਵਿਦਾਸ ਜੈਅੰਤੀ ਮੌਕੇ ਇਥੇ ਉਨ੍ਹਾਂ ਦੇ ਜਨਮ ਅਸਥਾਨ ‘ਸੀਰ ਗੋਵਰਧਨ’ ’ਤੇ ਨਤਮਸਤਕ ਹੋਏ। ਚੰਨੀ ਨੇ ਟਵੀਟ ਕਰਕੇ ਕਿਹਾ,‘‘ਸ੍ਰੀ ਗੁਰੂ ਰਵਿਦਾਸ ਜੈਅੰਤੀ ਮੌਕੇ ਵਾਰਾਨਸੀ ’ਚ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ’ਚ ਮੱਥਾ ਟੇਕਿਆ। ਆਓ ਅਸੀਂ ਪ੍ਰੇਮ, ਦਯਾ, ਆਪਸੀ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਏਕਤਾ ਲਈ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਪਾਲਣ ਕਰੀਏ।’’ ਇਸ ਦੌਰਾਨ ਚੰਨੀ ਨੇ ਉਥੇ ਮੌਜੂਦ ਸੰਤ ਨਿਰੰਜਣ ਦਾਸ ਤੋਂ ਆਸ਼ੀਰਵਾਦ ਵੀ ਲਿਆ। ਮੁੱਖ ਮੰਤਰੀ ਤੜਕੇ ਹੀ ਰਵਿਦਾਸ ਮੰਦਰ ਪਹੁੰਚ ਗਏ ਸਨ ਅਤੇ ਸੰਤ ਰਵਿਦਾਸ ਦੀ ਮੂਰਤੀ ’ਤੇ ਮਾਲਾ ਵੀ ਚੜ੍ਹਾਈ। ਉਨ੍ਹਾਂ ਕੁਝ ਦੇਰ ਉਥੇ ਬੈਠ ਕੇ ਅਰਦਾਸ ਵੀ ਕੀਤੀ। ਸੰਤ ਨਿਰੰਜਣ ਦਾਸ ਅਤੇ ਟਰੱਸਟ ਦੇ ਲੋਕਾਂ ਨੇ ਮੁੱਖ ਮੰਤਰੀ ਚੰਨੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਉਧਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਦਰ ’ਚ ਮੱਥਾ ਟੇਕਣ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸਬਕਾ ਸਾਥ, ਸਬਕਾ ਵਿਕਾਸ’ ਨੀਤੀ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੈ। ਇਸ ਮਗਰੋਂ ਉਨ੍ਹਾਂ ਪ੍ਰਸਾਦ ਅਤੇ ਲੰਗਰ ਵੀ ਖਾਧਾ। ਉਨ੍ਹਾਂ ਇਸ ਸਬੰਧੀ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਦੌਰਾਨ ਬਸਪਾ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਗੁਰੂ ਰਵਿਦਾਸ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਦੋਹੀ ਜ਼ਿਲ੍ਹੇ ਦਾ ਨਾਮ ਬਦਲ ਕੇ ਸੰਤ ਰਵਿਦਾਸ ਨਗਰ ਰੱਖਿਆ ਸੀ ਪਰ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਜਾਤੀਵਾਦ ਅਤੇ ਸਿਆਸੀ ਬਦਲਾਖੋਰੀ ਕਾਰਨ ਇਹ ਨਾਮ ਬਦਲ ਦਿੱਤਾ ਸੀ। -ਪੀਟੀਆਈ