ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਚੋਣ ਹਾਰ ਦੇ ਡਰੋਂ ਸੂਬੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮਾਂ ਨੂੰ ਸਾਬੋਤਾਜ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ‘ਸੁਰੱਖਿਆ ਕੁਤਾਹੀ’ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਾਲੇ ਰੂਟ ਤੱਕ ਪਹੁੰਚਣ ਦਿੱਤਾ ਗਿਆ, ਜਦੋਂ ਕਿ ਪੰਜਾਬ ਦੇ ਮੁੱਖ ਸਕੱਤਰ, ਡੀਜੀਪੀ ਨੇ ਐੱਸਪੀਜੀ ਨੂੰ ਭਰੋਸਾ ਦਿੱਤਾ ਸੀ ਕਿ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਨੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ੋਨ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸੂਬਾ ਪੁਲੀਸ ਨੂੰ ਪ੍ਰਧਾਨ ਮੰਤਰੀ ਦੀ ਰੈਲੀ ’ਚ ਲੋਕਾਂ ਨੂੰ ਜਾਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ। ਨੱਡਾ ਨੇ ਟਵੀਟ ਕੀਤਾ, ‘‘ਪੰਜਾਬ ਸਰਕਾਰ ਵੱਲੋਂ ਵਰਤੀਆਂ ਜੁਗਤਾਂ ਨਾਲ ਹਰ ਉਸ ਸ਼ਖ਼ਸ ਨੂੰ ਪੀੜ ਹੋਵੇਗੀ, ਜੋ ਜਮਹੂਰੀ ਸਿਧਾਂਤਾਂ ’ਚ ਯਕੀਨ ਰੱਖਦਾ ਹੈ।’’ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਕ ਵਾਰ ਵੀ ਨਹੀਂ ਸੋਚਿਆ ਕਿ ਪ੍ਰਧਾਨ ਮੰਤਰੀ ਭਗਤ ਸਿੰਘ ਤੇ ਹੋਰਨਾਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀਆਂ ਦੇਣ ਲਈ ਜਾ ਰਹੇ ਹਨ ਤੇ ਉਨ੍ਹਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣੇ ਹਨ। ਨੱਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀ ਇਨ੍ਹਾਂ ਘਟੀਆ ਤਰਕੀਬਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਵਿਕਾਸ ਦੇ ਖਿਲਾਫ਼ ਹਨ ਤੇ ਉਨ੍ਹਾਂ ਦੇ ਮਨਾਂ ’ਚ ਆਜ਼ਾਦੀ ਘੁਲਾਟੀਆਂ ਲਈ ਕੋਈ ਸਤਿਕਾਰ ਨਹੀਂ ਹੈ। -ਪੀਟੀਆਈ