ਸ੍ਰੀਨਗਰ, 10 ਮਈ
ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਜੰਮੂ ਤੇ ਕਸ਼ਮੀਰ ਵਿਚ ਪਾਕਿਸਤਾਨ ਵਿਚਲੀਆਂ ਐਮਬੀਬੀਐਸ ਸੀਟਾਂ ਵੇਚਣ ਦੇ ਮਾਮਲੇ ’ਤੇ ਹੁਰੀਅਤ ਆਗੂ ਸਣੇ ਅੱਠ ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਪੇਸ਼ੇਵਰ ਕੋਰਸਾਂ ਵਿਚ ਦਾਖਲੇ ਲਈ ਸੀਟਾਂ ਸੂਬੇ ਵਿਚ ਦਹਿਸ਼ਤੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਉਣ ਲਈ ਵੇਚੀਆਂ ਗਈਆਂ ਸਨ। ਕੌਮੀ ਜਾਂਚ ਏਜੰਸੀ ਸ੍ਰੀਨਗਰ ਦੇ ਵਿਸ਼ੇਸ਼ ਜੱਜ ਮਨਜੀਤ ਸਿੰਘ ਮਨਹਾਸ ਨੇ ਅਦਾਲਤ ਦੀ ਸੁਣਵਾਈ ਦੌਰਾਨ ਹੁਰੀਅਤ ਆਗੂ ਤੇ ਸਾਲਵੇਸ਼ਨ ਮੂਵਮੈਂਟ ਦੇ ਚੇਅਰਮੈਨ ਮੁਹੰਮਦ ਅਕਬਰ ਭੱਟ ਤੇ ਕਸ਼ਮੀਰ ਦੇ ਸੱਤ ਬਾਸ਼ਿੰਦਿਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ। ਜ਼ਿਕਰਯੋਗ ਹੈ ਕਿ ਸਟੇਟ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਸਬੰਧੀ 27 ਜੁਲਾਈ 2020 ਨੂੰ ਕੇਸ ਦਰਜ ਕੀਤਾ ਸੀ ਜੋ ਸਿੱਖਿਆ ਸੰਸਥਾਨਾਂ ਦੇ ਸਲਾਹਕਾਰਾਂ ਦੀ ਮਿਲੀਭੁਗਤ ਨਾਲ ਜੰਮੂ-ਕਸ਼ਮੀਰ ਦੇ ਵਾਸੀਆਂ ਨੂੰ ਪਾਕਿਸਤਾਨ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਐਮਬੀਬੀਐਸ ਤੇ ਹੋਰ ਪੇਸ਼ੇਵਰ ਕੋਰਸਾਂ ਵਿਚ ਦਾਖਲਾ ਦਿਵਾਉਂਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਪੰਜ ਮਹੀਨਿਆਂ ਵਿਚ ਮੁਕੰਮਲ ਹੋਈ।