* ਅਦਾਲਤ ਨੇ ਮਾਮਲੇ ’ਚ ਧਾਰਾ 376 ਜੋੜਨ ਸਬੰਧੀ ਸ਼ਿਕਾਇਤਕਰਤਾ ਦੀ ਅਪੀਲ ਖਾਰਜ ਕੀਤੀ
ਚੰਡੀਗੜ੍ਹ, 29 ਜੁਲਾਈ
ਇਕ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਦਰਜ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਇੱਥੋਂ ਦੀ ਇੱਕ ਅਦਾਲਤ ਨੇ ਅੱਜ ਹਰਿਆਣਾ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਸੰਦੀਪ ਸਿੰਘ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਸ਼ਿਕਾਇਤਕਰਤਾ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਦੱਸਿਆ ਕਿ ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਰਾਹੁਲ ਗਰਗ ਦੀ ਅਦਾਲਤ ਨੇ ਸੰਦੀਪ ਸਿੰਘ ਵੱਲੋਂ ਦੋਸ਼ ਰੱਦ ਕਰਨ ਸਬੰਧੀ ਦਾਇਰ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354 ਏ, 506 ਅਤੇ 509 ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਮਾਮਲੇ ’ਚ ਧਾਰਾ 376 (ਜਬਰ ਜਨਾਹ) ਜੋੜਨ ਸਬੰਧੀ ਸ਼ਿਕਾਇਤਕਰਤਾ ਦੀ ਅਪੀਲ ਵੀ ਖਾਰਜ ਕਰ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਤੈਅ ਕੀਤੀ ਹੈ। ਇਹ ਕੇਸ ਹਰਿਆਣਾ ਦੀ ਇੱਕ ਜੂਨੀਅਰ ਅਥਲੈਟਿਕ ਕੋਚ ਵੱਲੋਂ ਭਾਜਪਾ ਆਗੂ ਖ਼ਿਲਾਫ਼ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਹੈ। ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਨੇ ਕਿਹਾ ਸੀ ਕਿ ਉਸ ਨੂੰ ਇਸ ਮਾਮਲੇ ’ਚ ਝੂਠਾ ਫਸਾਇਆ ਗਿਆ ਹੈ। 31 ਦਸੰਬਰ 2022 ਨੂੰ ਇੱਥੇ ਸੈਕਟਰ-26 ਦੇ ਥਾਣੇ ’ਚ ਮਹਿਲਾ ਦੀ ਸ਼ਿਕਾਇਤ ਦਰਜ ਹੋਣ ਮਗਰੋਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪਹਿਲੀ ਵਾਰ ਵਿਧਾਇਕ ਬਣਿਆ ਸੰਦੀਪ ਸਿੰਘ ਉਸ ਸਮੇਂ ਮੰਤਰੀ ਸੀ ਜਦੋਂ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ। ਆਪਣੀ ਸ਼ਿਕਾਇਤ ’ਚ ਸਬੰਧਤ ਮਹਿਲਾ ਨੇ ਦੋਸ਼ ਲਾਇਆ ਸੀ ਕਿ ਉਹ ਆਪਣੀ ਭਰਤੀ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਸੰਦੀਪ ਸਿੰਘ ਦੇ ਸੰਪਰਕ ’ਚ ਆਈ ਸੀ। ਉਸ ਨੇ ਕਿਹਾ ਕਿ ਮੁਲਜ਼ਮ ਨੇ 2 ਮਾਰਚ 2022 ਤੇ 1 ਜੁਲਾਈ 2022 ਨੂੰ ਉਸ ਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਸੱਦਿਆ ਅਤੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਮੁਲਜ਼ਮ ਨੇ ਪੰਚਕੂਲਾ ’ਚ ਟਰੇਨਿੰਗ ਦੌਰਾਨ ਵੀ ਉਸ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕੀਤੀਆਂ। -ਪੀਟੀਆਈ