ਕੋਲਕਾਤਾ: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਮਹਿਲਾ ਡਾਕਟਰ ਦੀ ਲਾਸ਼ ਮਿਲਣ ਦੇ 87 ਦਿਨ ਮਗਰੋਂ ਸਥਾਨਕ ਅਦਾਲਤ ਨੇ ਮੁੱਖ ਮੁਲਜ਼ਮ ਸੰਜੈ ਰੌਏ ਖ਼ਿਲਾਫ਼ ਅੱਜ ਦੋਸ਼ ਤੈਅ ਕੀਤੇ ਹਨ। ਹਾਲਾਂਕਿ ਰੌਏ ਨੇ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਉਸ ਨੂੰ ਇਸ ਮਾਮਲੇ ਵਿੱਚ ਫਸਾਉਣ ਦਾ ਦੋਸ਼ ਲਾਇਆ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 11 ਨਵੰਬਰ ਤੋਂ ਰੋਜ਼ਾਨਾ ਕੀਤੀ ਜਾਵੇਗੀ। ਰੌਏ ’ਤੇ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦੋਂ ਰੌਏ ਨੂੰ ਅਦਾਲਤ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਕਿਹਾ, ‘‘ਮੈਂ ਕੁੱਝ ਨਹੀਂ ਕੀਤਾ। ਮੈਨੂੰ ਇਸ ਜਬਰ-ਜਨਾਹ ਹੱਤਿਆਕਾਂਡ ਵਿੱਚ ਫਸਾਇਆ ਗਿਆ ਹੈ। ਮੇਰੀ ਕੋਈ ਨਹੀਂ ਸੁਣ ਰਿਹਾ। ਸਰਕਾਰ ਮੈਨੂੰ ਫਸਾ ਰਹੀ ਹੈ ਅਤੇ ਮੂੰਹ ਨਾ ਖੋਲ੍ਹਣ ਦੀ ਧਮਕੀ ਦੇ ਰਹੀ ਹੈ।’’ -ਪੀਟੀਆਈ