ਗੋਰਖਪੁਰ (ਯੂਪੀ), 4 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਰੀ-ਚੌਰਾ ਦੇ ਸ਼ਹੀਦਾਂ ਨੂੰ ਇਤਿਹਾਸ ਦੇ ਪੰਨਿਆਂ ’ਚ ਅਹਿਮੀਅਤ ਨਾ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਉਹ ਅਗਜ਼ਨੀ ਦੀ ਕੋਈ ਮਾਮੂਲੀ ਘਟਨਾ ਨਹੀਂ ਸੀ ਬਲਕਿ ਉਸ ਨੇ ਦੇਸ਼ ਦੇ ਲੋਕਾਂ ਦੇ ਦਿਲਾਂ ’ਚ ਆਜ਼ਾਦੀ ਦੀ ਚਿਣਗ ਬਾਲੀ ਸੀ।
ਪ੍ਰਧਾਨ ਮੰਤਰੀ ਨੇ ਇੱਥੇ ਚੌਰੀ-ਚੌਰਾ ਸ਼ਤਾਬਦੀ ਸਮਾਰੋਹ ਦੇ ਆਨਲਾਈਨ ਸਮਾਗਮ ਦੇ ਉਦਘਾਟਨ ਤੋਂ ਬਾਅਦ ਕਿਹਾ, ‘ਸੌ ਸਾਲ ਪਹਿਲਾਂ ਚੌਰੀ-ਚੌਰਾ ’ਚ ਜੋ ਹੋਇਆ, ਉਹ ਸਿਰਫ਼ ਇੱਕ ਥਾਣੇ ’ਚ ਅੱਗ ਲਗਾਉਣ ਦੀ ਘਟਨਾ ਮਾਤਰ ਨਹੀਂ ਸੀ। ਚੌਰੀ-ਚੌਰਾ ਦਾ ਸੁਨੇਹਾ ਬਹੁਤ ਵੱਡਾ ਸੀ, ਬਹੁਤ ਵਿਸ਼ਾਲ ਸੀ। ਇਸ ਤੋਂ ਪਹਿਲਾਂ ਜਦੋਂ ਵੀ ਚੌਰੀ-ਚੌਰਾ ਦੀ ਗੱਲ ਹੋਈ ਤਾਂ ਉਸ ਨੂੰ ਇੱਕ ਮਾਮੂਲੀ ਅੱਗਜ਼ਨੀ ਦੇ ਸੰਦਰਭ ’ਚ ਹੀ ਦੇਖਿਆ ਗਿਆ ਪਰ ਅੱਗ ਥਾਣੇ ’ਚ ਨਹੀਂ ਲੱਗੀ ਸੀ ਬਲਕਿ ਅੱਗ ਲੋਕਾਂ ਦੇ ਦਿਲਾਂ ’ਚ ਬਲ ਚੁੱਕੀ ਸੀ।’ ਉਨ੍ਹਾਂ ਕਿਹਾ, ‘ਚੌਰੀ-ਚੌਰਾ ਦੇਸ਼ ਦੇ ਆਮ ਲੋਕਾਂ ਦਾ ਆਪ ਹੀ ਫੁੱਟਿਆ ਅੰਦੋਲਨ ਸੀ। ਇਹ ਦੁੱਖ ਦੀ ਗੱਲ ਹੈ ਕਿ ਚੌਰੀ-ਚੌਰਾ ਦੇ ਸ਼ਹੀਦਾਂ ਦੀ ਜਿੰਨੀ ਚਰਚਾ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਇਤਿਹਾਸ ਦੇ ਸਫ਼ਿਆਂ ’ਤੇ ਭਾਵੇਂ ਅਹਿਮੀਅਤ ਨਾ ਦਿੱਤੀ ਗਈ ਹੋਵੇ ਪਰ ਆਜ਼ਾਦੀ ਲਈ ਉਨ੍ਹਾਂ ਦਾ ਖੂਨ ਦੇਸ਼ ਦੀ ਮਿੱਟੀ ’ਚ ਜ਼ਰੂਰ ਮਿਲਿਆ ਹੋਇਆ ਹੈ ਜੋ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ।’ ਉਨ੍ਹਾਂ ਕਿਹਾ ਕਿ ਆਜ਼ਾਦੀ ਸੰਘਰਸ਼ ’ਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੋਣਗੀਆਂ ਜਦੋਂ ਇੱਕ ਘਟਨਾ ਲਈ 19 ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ ਹਕੂਮਤ ਤਾਂ ਸੈਂਕੜੇ ਲੋਕਾਂ ਨੂੰ ਫਾਂਸੀ ਦੇਣਾ ਚਾਹੁੰਦੀ ਸੀ ਪਰ ਬਾਬਾ ਰਾਘਵ ਦਾਸ ਅਤੇ ਮਦਨ ਮੋਹਨ ਮਾਲਵੀਆ ਨੇ 150 ਲੋਕਾਂ ਨੂੰ ਬਚਾ ਲਿਆ। ਇਸ ਲਈ ਅੱਜ ਦਾ ਦਿਨ ਵਿਸ਼ੇਸ਼ ਤੌਰ ’ਤੇ ਬਾਬਾ ਰਾਘਵ ਦਾਸ ਅਤੇ ਸ੍ਰੀ ਮਾਲਵੀਆ ਨੂੰ ਯਾਦ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਅੱਜ ਚੌਰੀ-ਚੌਰਾ ਦੀ ਸ਼ਤਾਬਦੀ ਬਾਰੇ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ। ਅੱਜ ਸ਼ੁਰੂ ਹੋ ਰਹੇ ਸਮਾਗਮ ਸਾਰਾ ਸਾਲ ਜਾਰੀ ਰਹਿਣਗੇ। -ਪੀਟੀਆਈ
‘ਪਿਛਲੀਆਂ ਸਰਕਾਰਾਂ ਦੇ ਬਜਟ ਵੋਟ ਬੈਂਕ ਦਾ ਵਹੀ-ਖਾਤਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021-22 ਦੇ ਆਮ ਬਜਟ ਨੂੰ ਦੇਸ਼ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੇ ਹੱਲ ਨੂੰ ਨਵੀਂ ਰਫ਼ਤਾਰ ਦੇਣ ਵਾਲਾ ਕਰਾਰ ਦਿੰਦਿਆਂ ਅੱਜ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਬਜਟ ਨੂੰ ਵੋਟ ਬੈਂਕ ਦੇ ਹਿਸਾਬ-ਕਿਤਾਬ ਦਾ ਵਹੀ-ਖਾਤਾ ਅਤੇ ਸਿਰਫ਼ ਐਲਾਨਾਂ ਦਾ ਵਸੀਲਾ ਬਣਾ ਦਿੱਤੀ ਸੀ। ਉਨ੍ਹਾਂ ਕਿਹਾ, ‘ਪਹਿਲੀਆਂ ਸਰਕਾਰਾਂ ਨੇ ਬਜਟ ਨੂੰ ਅਜਿਹੇ ਐਲਾਨਾਂ ਦਾ ਵਸੀਲਾ ਬਣਾ ਦਿੱਤਾ ਸੀ ਜੋ ਪੂਰੇ ਨਹੀਂ ਹੁੰਦੇ ਸਨ ਪਰ ਹੁਣ ਦੇਸ਼ ਨੇ ਉਹ ਸੋਚ ਬਦਲੀ ਹੈ ਤੇ ਪਹੁੰਚ ਵੀ ਬਦਲੀ ਹੈ।’