ਨਵੀਂ ਦਿੱਲੀ: ਛਤਰਸਾਲ ਸਟੇਡੀਅਮ ਹੱਤਿਆ ਕੇਸ ਵਿਚ ਦਿੱਲੀ ਹਾਈ ਕੋਰਟ ਨੇ ਇਸਤਗਾਸਾ ਪੱਖ ਦੇ ਚਾਰ ਗਵਾਹਾਂ ਨੂੰ ਆਨਲਾਈਨ ਢੰਗ ਨਾਲ ਬਿਆਨ ਦਰਜ ਕਰਾਉਣ ਦੀ ਮਨਜ਼ੂਰੀ ਲਈ ਰੋਹਿਣੀ ਦੀ ਅਦਾਲਤ ਨਾਲ ਸੰਪਰਕ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਮੁਲਜ਼ਮ ਹੈ। ਗਵਾਹਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕੇਸ ਰੋਹਿਣੀ ਤੋਂ ਕਿਸੇ ਹੋਰ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਨਿਰਪੱਖ ਸੁਣਵਾਈ ਯਕੀਨੀ ਬਣਾਈ ਜਾ ਸਕੇ। ਹਾਈ ਕੋਰਟ ਨੇ ਗਵਾਹਾਂ ਦੀ ਇਸ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਦਿੱਲੀ ਪੁਲੀਸ ਗਵਾਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। -ਪੀਟੀਆਈ