ਰਾਏਪੁਰ, 4 ਅਪਰੈਲ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੀ ਹੱਦ ’ਤੇ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਹਨ। ਸੁਰੱਖਿਆ ਬਲਾਂ ਨੇ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਸੂਬੇ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਘਟਨਾ ਵਾਲੀ ਥਾਂ ਤੋਂ ਲਾਪਤਾ 17 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣੇ ਅਧੀਨ ਪੈਂਦੇ ਜੋਨਾਗੁੜਾ ਪਿੰਡ ਨੇੜੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲ ’ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਤੇ 30 ਹੋਰ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਜਵਾਨਾਂ ’ਚੋਂ ਦੋ ਦੀਆਂ ਲਾਸ਼ਾਂ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਈਆਂ ਸਨ ਅਤੇ ਤਿੰਨ ਹੋਰ ਜਵਾਨਾਂ ਦੀਆਂ ਲਾਸ਼ਾਂ ਕੈਂਪ ’ਚ ਨਹੀਂ ਲਿਆਂਦੀਆਂ ਜਾ ਸਕੀਆਂ ਸਨ। ਉੱਥੇ ਹੀ ਇਸ ਘਟਨਾ ਦੌਰਾਨ 18 ਹੋਰ ਜਵਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ। ਸੁਰੱਖਿਆ ਬਲਾਂ ਦੇ ਕੁਝ ਹਥਿਆਰ ਵੀ ਗੁੰਮ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਜਵਾਨਾਂ ’ਚ ਸੀਆਰਪੀਐੱਫ, ਕੋਬਰਾ, ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਾਪਤਾ ਜਵਾਨਾਂ ਦੀ ਭਾਲ ’ਚ ਅੱਜ ਸੁਰੱਖਿਆ ਬਲ ਰਵਾਨਾ ਕੀਤੇ ਗਏ ਸਨ। ਸੁਰੱਖਿਆ ਬਲਾਂ ਨੇ ਬੀਤੇ ਦਿਨ ਸ਼ਹੀਦ ਹੋਏ ਤਿੰਨ ਜਵਾਨਾਂ ਅਤੇ 17 ਹੋਰ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਘਟਨਾ ’ਚ 22 ਜਵਾਨ ਸ਼ਹੀਦ ਹੋਏ ਹਨ। -ਪੀਟੀਆਈ
ਰਾਹੁਲ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਛੱਤੀਸਗੜ੍ਹ ’ਚ ਸ਼ਹੀਦ ਹੋਏ ਜਵਾਨਾਂ ਪ੍ਰਤੀ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਛੱਤੀਸਗੜ੍ਹ ਮੁਕਾਬਲੇ ’ਚ ਜਾਨਾਂ ਗੁਆਉਣ ਵਾਲੇ ਜਵਾਨਾਂ ਦੇ ਪੀੜਤ ਪਰਿਵਾਰਾਂ ਨਾਲ ਮੈਂ ਹਮਦਰਦੀ ਜ਼ਾਹਿਰ ਕਰਦਾ ਹਾਂ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘ਸਾਰਾ ਮੁਲਕ ਇਸ ਘਟਨਾ ਲਈ ਦੁਖੀ ਤੇ ਗੁੱਸੇ ’ਚ ਹੈ। ਦੇਸ਼ ਇਨ੍ਹਾਂ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖੇਗਾ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ 22 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਦੁਖੀ ਕਰਨ ਵਾਲੀ ਹੈ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। -ਪੀਟੀਆਈ