ਰਾਏਪੁਰ, 13 ਨਵੰਬਰ
Chhattisgarh Bypolls: ਛੱਤੀਸਗੜ੍ਹ ਦੇ ਰਾਏਪੁਰ ਸਿਟੀ ਦੱਖਣੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਜਾਰੀ ਹੈ। ਇਹ ਸੀਟ ਭਾਜਪਾ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਰਾਜ ਮੰਤਰੀ ਬ੍ਰਿਜਮੋਹਨ ਅਗਰਵਾਲ ਦੇ ਰਾਏਪੁਰ ਸੰਸਦੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਜਾਣ ਉਪਰੰਤ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ।
ਇੱਥੇ ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਇਹ ਸ਼ਾਮ 6 ਵਜੇ ਤੱਕ ਚੱਲੇਗੀ। ਚੋਣ ਅਧਿਕਾਰੀਆਂ ਅਨੁਸਾਰ ਵਿਧਾਨ ਸਭਾ ਹਲਕੇ ਵਿੱਚ 2,71,169 ਵੋਟਰ ਹਨ, ਜਿਨ੍ਹਾਂ ਵਿੱਚ 1,33,800 ਪੁਰਸ਼, 1,37,317 ਔਰਤਾਂ ਅਤੇ 52 ਟਰਾਂਸਜੈਂਡਰ ਸ਼ਾਮਲ ਹਨ। ਜ਼ਿਮਨੀ ਚੋਣ ਲਈ ਲਗਭਗ 30 ਉਮੀਦਵਾਰ ਮੈਦਾਨ ਵਿੱਚ ਹਨ, ਹਾਲਾਂਕਿ ਇਸ ਨੂੰ ਮੁੱਖ ਤੌਰ ’ਤੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸ ਵਿਚਾਲੇ ਸਿੱਧੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।
ਭਾਜਪਾ ਨੇ ਰਾਏਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਮੇਅਰ ਸੁਨੀਲ ਕੁਮਾਰ ਸੋਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਵਿਰੋਧੀ ਧਿਰ ਦੇ ਉਮੀਦਵਾਰ ਅਕਾਸ਼ ਸ਼ਰਮਾ ਇੱਕ ਨੌਜਵਾਨ ਚਿਹਰਾ ਹਨ ਅਤੇ ਸੂਬਾ ਯੂਥ ਕਾਂਗਰਸ ਇਕਾਈ ਦੇ ਪ੍ਰਧਾਨ ਹਨ।
ਜ਼ਿਮਨੀ ਚੋਣ ਲਈ ਕੁੱਲ 253 ਪੋਲਿੰਗ ਬੂਥ ਬਣਾਏ ਗਏ ਹਨ ਅਤੇ 1000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਪਿਛਲੇ ਸਾਲ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਸੂਬੇ ਦੀਆਂ 90 ਸੀਟਾਂ ਵਿੱਚੋਂ 54 ਸੀਟਾਂ ਜਿੱਤੀਆਂ ਸਨ, ਜਦੋਂ ਕਿ ਕਾਂਗਰਸ ਨੇ 35 ਅਤੇ ਗੋਂਡਵਾਨਾ ਗਣਤੰਤਰ ਪਾਰਟੀ ਨੇ ਇੱਕ ਸੀਟ ਜਿੱਤੀ ਸੀ। ਪੀਟੀਆਈ