ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਇੱਥੇ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਮੋਹਰੀ ਰਹਿਣ ਵਾਲੇ 10 ਵਿਦਿਆਰਥੀਆਂ ਨੂੰ ਹੈਲੀਕਾਪਟਰ ਦੀ ਸਵਾਰੀ ਕਰਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 420 ਕਿਲੋਮੀਟਰ ਦੂਰ ਬਲਰਾਮਪੁਰ ਜ਼ਿਲ੍ਹੇ ਵਿੱਚ ਹਲਕੇ ਵਾਰ ਜਨ ਸੰਪਰਕ ਮੁਹਿੰਮ ਤਹਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰੀਖਿਆ ਵਿੱਚ ਮੋਹਰੀ ਰਹਿਣ ਵਾਲੇ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਵਾਰ ਹੈਲੀਕਾਪਟਰ ਸਵਾਰੀ ਨਾਲ ਨਿਵਾਜਿਆ ਜਾਵੇਗਾ ਤਾਂ ਜੋ ਬਾਕੀ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ। ਸ੍ਰੀ ਬਘੇਲ ਨੇ ਕਿਹਾ, ‘‘ਹਵਾਈ ਯਾਤਰਾ ਉਹ ਚੀਜ਼ ਹੈ, ਜੋ ਹਰ ਕੋਈ ਚਾਹੁੰਦਾ ਹੈ। ਮੇਰਾ ਮੰਨਣਾ ਹੈ ਕਿ ਹੈਲੀਕਾਪਟਰ ਦੀ ਸਵਾਰੀ ਬੱਚਿਆਂ ਦੇ ਮਨ ਵਿੱਚ ਜੀਵਨ ਦੇ ਆਸਮਾਨ ਵਿੱਚ ਉੱਚੀ ਉਡਾਣ ਭਰਨ ਦੀ ਇੱਛਾ ਪੈਦਾ ਕਰੇਗੀ ਅਤੇ ਉਹ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਹੁਨਰ ਨੂੰ ਹੋਰ ਨਿਖਾਰਨਗੇ।’’ ਮੁੱਖ ਮੰਤਰੀ ਇਸ ਮੁਹਿੰਮ ਤਹਿਤ ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਹਰੇਕ ਹਲਕੇ ਦੇ ਘੱਟੋ-ਘੱਟ ਤਿੰਨ ਪਿੰਡਾਂ ਦਾ ਅਚਨਚੇਤ ਦੌਰਾ ਕਰਨਗੇ। -ਪੀਟੀਆਈ