ਰਾਏਪੁਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ ਪੰਜ ਜਵਾਨ ਸ਼ਹੀਦ ਹੋ ਗਏ ਅਤੇ 20 ਜਵਾਨ ਜ਼ਖ਼ਮੀ ਹੋ ਗਏ। ਮੁਕਾਬਲੇ ’ਚ ਦੋ ਨਕਸਲੀ ਵੀ ਮਾਰੇ ਗਏ ਹਨ। ਸੂਬੇ ਦੇ ਡੀਜੀਪੀ ਡੀਐੱਮ ਅਵਸਥੀ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ’ਚ 20 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਹੈ। ਇੱਕ ਮਹਿਲਾ ਨਕਸਲੀ ਦੀ ਲਾਸ਼ ਵੀ ਮੁਕਾਬਲੇ ਵਾਲੀ ਥਾਂ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ’ਚ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ, ਡੀਆਰਜੀ ਅਤੇ ਐੱਸਟੀਐੱਫ ਦੇ ਜਵਾਨਾਂ ਨੂੰ ਨਕਸਲੀ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ। ਜਵਾਨਾਂ ਦੀ ਟੀਮ ਜਦੋਂ ਜੰਗਲੀ ਇਲਾਕੇ ’ਚ ਪੁੱਜੀ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਅਤੇ ਮੁਕਾਬਲਾ ਅਜੇ ਜਾਰੀ ਹੈ। ਘਟਨਾ ’ਚ ਕੁਝ ਨਕਸਲੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਇਲਾਕੇ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਤੋਂ ਇਲਾਵਾ ਜਵਾਨਾਂ ਦੀਆਂ ਲਾਸ਼ਾਂ ਘਟਨਾ ਵਾਲੇ ਸਥਾਨ ਤੋਂ ਕੱਢਣ ਲਈ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। -ਪੀਟੀਆਈ