ਬੀਜਾਪੁਰ/ਗਿਰਡੀਹ/ਨਾਗਪੁਰ, 22 ਜਨਵਰੀ
ਛੱਤੀਸਗੜ੍ਹ ਦੇ ਗੜਬੜੀ ਵਾਲੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਅੱਜ ਪੁਲੀਸ ਦੇ ਇਕ ਮੁਖ਼ਬਰ ਦੀ ਹੱਤਿਆ ਕਰ ਦਿੱਤੀ। ਇਕ ਹੋਰ ਵਾਰਦਾਤ ਵਿਚ ਉਨ੍ਹਾਂ ਸੜਕ ਉਸਾਰੀ ਵਿਚ ਲੱਗੇ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ। ਏਐੱਸਪੀ ਪੰਕਜ ਸ਼ੁਕਲਾ ਨੇ ਦੱਸਿਆ ਕਿ ਨਕਸਲੀ 45 ਸਾਲਾ ਵਿਅਕਤੀ ਦਾ ਕਤਲ ਕਰ ਕੇ ਉਸ ਨੂੰ ਸੜਕ ਉਤੇ ਸੁੱਟ ਕੇ ਫਰਾਰ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਅੰਦੋ ਰਾਮ ਵਜੋਂ ਹੋਈ ਹੈ। ਬੀਜਾਪੁਰ ਵਿਚ ਹੀ ਨਕਸਲੀਆਂ ਨੇ ਸੜਕ ਉਸਾਰੀ ਵਿਚ ਲੱਗੇ ਤਿੰਨ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ ਨਕਸਲੀਆਂ ਨੇ ਸੜਕ ਉਸਾਰੀ ਵਿਚ ਲਾਏ ਗਏ 11 ਟਰੈਕਟਰਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਦੋ ਜੇਸੀਬੀ ਮਸ਼ੀਨਾਂ ਵੀ ਸਾੜ ਦਿੱਤੀਆਂ। ਘਟਨਾ ਭਮਰਗੜ੍ਹ ਤਹਿਸੀਲ ਵਿਚ ਇਰਾਪਨਗਰ ਪਿੰਡ ਨੇੜੇ ਵਾਪਰੀ। ਪੁਲੀਸ ਨੇ ਦੱਸਿਆ ਕਿ ਵਾਰਦਾਤ ਵਿਚ 40-50 ਨਕਸਲੀ ਸ਼ਾਮਲ ਸਨ। ਸਾੜੀ ਗਈ ਮਸ਼ੀਨਰੀ ਕਈ ਠੇਕੇਦਾਰਾਂ ਦੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ ਮਾਓਵਾਦੀਆਂ ਨੇ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਵਿਚ ਇਕ ਮੋਬਾਈਲ ਫੋਨ ਟਾਵਰ ਉਡਾ ਦਿੱਤਾ। ਇਕ ਹੋਰ ਨੂੰ ਉਨ੍ਹਾਂ ਅੱਗ ਲਾ ਦਿੱਤੀ। ਪੁਲੀਸ ਮੁਤਾਬਕ ਘਟਨਾ ਸ਼ਨਿਚਰਵਾਰ ਸੁਵੱਖਤੇ ਵਾਪਰੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀ ਆਪਣੇ ਚੋਟੀ ਦੇ ਆਗੂ ਪ੍ਰਸ਼ਾਂਤ ਬੋਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਗਟਾ ਰਹੇ ਹਨ ਤੇ ਪੂਰਾ ਹਫ਼ਤਾ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅੱਜ ਰੋਸ ਪ੍ਰਗਟਾਉਣ ਦਾ ਪਹਿਲਾ ਦਿਨ ਸੀ। -ਪੀਟੀਆਈ