ਬਲਰਾਮਪੁਰ, 3 ਨਵੰਬਰ
ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇਕ ‘ਸਪੋਰਟਸ ਯੂਟੀਲਿਟੀ ਵਾਹਨ’ (ਐੱਸਯੂਵੀ) ਦੇ ਤਲਾਅ ਵਿੱਚ ਡਿੱਗਣ ਦੀ ਘਟਨਾ ਵਿੱਚ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਘਟਨਾ ਸਥਾਨ ਤੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ ਅਤੇ ਵਾਹਨ ਦੇ ਚਾਲਕ ਨੇ ਹਸਪਤਾਲ ਲਿਜਾਂਦੇ ਹੋਏ ਦਮ ਤੋੜ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਰਾਜਪੁਰ ਥਾਣਾ ਖੇਤਰ ਦੇ ਬੁੱਢਾ ਬਗੀਚਾ ਮੁੱਖ ਮਾਰਗ ’ਤੇ ਸਥਿਤ ਲਡੂਆ ਮੋੜ ’ਤੇ ਸ਼ਨਿਚਰਵਾਰ ਰਾਤ ਕਰੀਬ 8.30 ਵਜੇ ਇਕ ਐੱਸਯੂਵੀ ਦੇ ਤਲਾਅ ਵਿੱਚ ਡਿੱਗਣ ਕਾਰਨ ਉਸ ਵਿੱਚ ਸਵਾਰ ਇਕ ਮਹਿਲਾ ਅਤੇ ਇਕ ਬੱਚੀ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਬਲਰਾਮਪੁਰ ਜ਼ਿਲ੍ਹੇ ਦੇ ਲਰਿਮਾ ਪਿੰਡ ਦੇ ਵਸਨੀਕ ਵਾਹਨ ਵਿੱਚ ਸਵਾਰ ਹੋ ਕੇ ਗੁਆਂਢੀ ਸੂਰਜਪੁਰ ਜ਼ਿਲ੍ਹੇ ਵਿੱਚ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਕਾਰ ਜਦੋਂ ਲਡੂਆ ਮੋਡ ਨੇੜੇ ਪੁੱਜੀ ਤਾਂ ਉਹ ਬੇਕਾਬੂ ਹੋ ਕੇ ਤਲਾਅ ਵਿੱਚ ਡਿੱਗ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੀ ਇਕ ਟੀਮ ਮੌਕੇ ’ਤੇ ਪੁੱਜੀ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਤਲਾਅ ਤੋਂ ਛੇ ਲਾਸ਼ਾਂ ਕੱਢੀਆਂ ਗਈਆਂ ਜਦਕਿ ਚਾਲਕ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਕ ਹੋਰ ਲਾਸ਼ ਬਰਾਮਦ ਕੀਤੀ ਗਈ ਅਤੇ ਚਾਲਕ ਨੇ ਹਸਤਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਜੇ ਮੁੰਡਾ (35), ਉਸ ਦੀ ਪਤਨੀ ਚੰਦਰਵਤੀ (35), ਉਸ ਦੀ ਧੀ ਕੀਰਤੀ (8), ਉਸ ਦੇ ਗੁਆਂਢੀ ਮੰਗਲ ਦਾਸ (19), ਭੁਪਿੰਦਰ ਮੁੰਡਾ (18), ਬਾਲੇਸ਼ਵਰ (18) ਤੇ ਉਦੈਨਾਥ (20) ਅਤੇ ਚਾਲਕ ਮੁਕੇਸ਼ ਦਾਸ (26) ਦੇ ਰੂਪ ਵਿੱਚ ਹੋਈ ਹੈ। -ਪੀਟੀਆਈ