ਸੁਕਮਾ (ਛੱਤੀਸਗੜ੍ਹ): ਛੱਤੀਸਗੜ੍ਹ ਦੇ ਇਕ ਦਹਿਸ਼ਤ ਪ੍ਰਭਾਵਤ ਖੇਤਰ ਵਿਚਲੀ ਹਫਤਾਵਾਰੀ ਮਾਰਕੀਟ ’ਚ ਨਕਸਲੀਆਂ ਨੇ ਅੱਜ ਪੁਲੀਸ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਪੁਲੀਸ ਕਾਂਸਟੇਬਲ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜਗਰਗੁੰਡਾ ਵਿੱਚ ਅੱਜ ਸਵੇਰੇ ਉਸ ਵੇਲੇ ਵਾਪਰੀ ਜਦੋਂ ਇਹ ਪੁਲੀਸ ਮੁਲਾਜ਼ਮ ਖੇਤਰ ਦੀ ਸੁਰੱਖਿਆ ਦਾ ਕੰਮ ਸਾਂਭ ਰਹੇ ਸਨ। ਨਕਸਲੀਆਂ ਨੇ ਉਨ੍ਹਾਂ ’ਤੇ ਹਮਲਾ ਕਰਨ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਦੀਆਂ ਰਾਈਫਲਾਂ ਵੀ ਖੋਹ ਲਈਆਂ। ਉਨ੍ਹਾਂ ਦੱਸਿਆ ਕਿ ਨਕਸਲੀਆਂ ਦੀ ਟੀਮ ਵਿਚ ਪੰਜ ਜਣੇ ਸ਼ਾਮਲ ਸਨ। ਉਨ੍ਹਾਂ ਨੇ ਪੁਲੀਸ ਕਾਂਸਟੇਬਲਾਂ ਕਰਤਮ ਦੇਵਾ ਅਤੇ ਸੋਢੀ ਕਾਨਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਹਥਿਆਰ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਜ਼ਖ਼ਮੀ ਕਾਂਸਟੇਬਲਾਂ ਨੂੰ ਪਹਿਲਾਂ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਨੂੰ ਬਾਅਦ ਵਿੱਚ ਏਅਰਲਿਫਟ ਕਰਕੇ ਰਾਏਪੁਰ ਲਿਜਾਇਆ ਗਿਆ। ਪੀਟੀਆਈ