ਰਾਏਪੁਰ, 26 ਜੂਨ
ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ (22) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਦੇਵਰਾਜ ਦਾ ਮੋਟਰਸਾਈਕਲ ਇੱਕ ਟਰੱਕ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦੇਵਰਾਜ ਮੋਟਰਸਾਈਕਲ ‘ਤੇ ਪਿੱਛੇ ਬੈਠਾ ਸੀ ਅਤੇ ਹਾਦਸਾ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਵਾਪਰਿਆ, ਜਦੋਂ ਉਹ ਨਵਾਂ ਰਾਏਪੁਰ ਵਿੱਚ ਵੀਡੀਓ ਦੀ ਸ਼ੂਟਿੰਗ ਕਰਨ ਮਗਰੋਂ ਪਰਤ ਰਿਹਾ ਸੀ। ਮੋਟਰਸਾਈਕਲ ਚਲਾ ਰਿਹਾ ਰਾਕੇਸ਼ ਮਨਹਾਰ ਹਾਦਸੇ ਦੌਰਾਨ ਵਾਲ-ਵਾਲ ਬਚ ਗਿਆ ਅਤੇ ਉਸ ਨੇ ਐਂਬੂਲੈਂਸ ਬੁਲਾ ਕੇ ਪਟੇਲ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪਟੇਲ ਦੇ ਚੈਨਲ ‘ਦਿਲ ਸੇ ਬੁਰਾ ਲਗਤਾ ਹੈ’ ਦੇ ਚਾਰ ਲੱਖ ਤੋਂ ਵੱਧ ਸਬਸਕਰਾਈਬਰ ਅਤੇ 8.80 ਕਰੋੜ ਤੋਂ ਵੱਧ ਵਿਊ ਹਨ। ਉਹ ਆਪਣੀ ਮਜ਼ਾਕੀਆ ਵੀਡੀਓ ਲਈ ਮਸ਼ਹੂੁਰ ਸੀ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹਾਦਸੇ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਹਸਾਉਣ ਵਾਲਾ ਪਟੇਲ ਸਾਨੂੰ ਛੱਡ ਕੇ ਤੁਰ ਗਿਆ। ਪਟੇਲ ਨੇ ਮਸ਼ਹੂਰ ਯੂਟਿਊਬਰ ਭੁਵਨ ਬਾਮ ਨਾਲ ਕਾਮੇਡੀ ਵੈੱਬ ਸੀਰੀਜ਼ ‘ਢਿੰਡੋਰਾ’ ਵਿੱਚ ਕੰਮ ਕੀਤਾ ਸੀ।
ਸਾਲ 2021 ਦੌਰਾਨ ਉਸ ਨੇ ਮੁੱਖ ਮੰਤਰੀ ਬਘੇਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ, ”ਛੱਤੀਸਗੜ੍ਹ ਵਿੱਚ ਦੋ ਹੀ ਵਿਅਕਤੀ ਮਸ਼ਹੂਰ ਹਨ। ਮੈਂ ਅਤੇ ਸਾਡੇ ‘ਕਾਕਾ’ (ਬਘੇਲ ਕਾਕਾ ਵਜੋਂ ਮਸ਼ਹੂਰ ਹਨ, ਜਿਸ ਦਾ ਮਤਲਬ ਹੈ ਚਾਚਾ)।’ -ਪੀਟੀਆਈ