ਨਵੀਂ ਦਿੱਲੀ, 13 ਸਤੰਬਰ
ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਰਿਟੇਲ ਮਹਿੰਗਾਈ ਦਰ 7 ਫੀਸਦ ਹੋਣ ’ਤੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਅਜਿਹੀ ਸਥਿਤੀ ਵਿੱਚ ਵੀ ਖ਼ਤਰਾ ਨਹੀਂ ਦਿਸਦਾ ਤਾਂ ਉਹ ਔਸਤ ਪਰਿਵਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, ‘‘ਹਾਲੇ ਕੁਝ ਦਿਨ ਪਹਿਲਾਂ ਹੀ, ਵਿੱਤ ਮੰਤਰੀ ਨੇ ਕਿਹਾ ਸੀ ਕਿ ਮਹਿੰਗਾਈ ਉਨ੍ਹਾਂ ਲਈ ਚਿੰਤਾ ਦਾ ਵੱਡਾ ਵਿਸ਼ਾ ਨਹੀਂ ਹੈ। ਭਾਰਤ ਦੀ ਰਿਟੇਲ ਮਹਿੰਗਾਰੀ ਦਰ ਕੱਲ ਵਧ ਕੇ 7 ਫੀਸਦੀ ਹੋ ਗਈ ਹੈ। ਖੁਰਾਕੀ ਮਹਿੰਗਾਈ ਦਰ 7.62 ਫੀਸਦੀ ਹੈ। ’’ ਚਿੰਦਬਰਮ ਨੇ ਕਿਹਾ, ‘‘ ਜੇ ਮਾਣਯੋਗ ਵਿੱਤ ਮੰਤਰੀ ਨੂੰ ਹਾਲੇ ਵੀ ‘ਖ਼ਤਰਾ’ ਦਿਖਾਈ ਨਹੀਂ ਦਿੰਦਾ , ਤਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਉਹ ਭਾਰਤ ਦੇ ਔਸਤ ਪਰਿਵਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ’’ ਸਬਜ਼ੀ, ਮਸਾਲੇ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਰਿਟੇਲ ਮਹਿੰਗਾਈ ਦਰ ਅਗਸਤ ਮਹੀਨੇ ਵਿੱਚ ਵਧ ਕੇ 7 ਫੀਸਦੀ ਹੋ ਗਈ ਸੀ। ਇਸ ਦੇ ਨਾਲ ਹੀ ਬੀਤੇ ਤਿੰਨ ਮਹੀਨਿਆਂ ਤੋਂ ਰਿਟੇਲ ਮਹਿੰਗਾਈ ਘਟਣ ਦੀ ਰਫ਼ਤਾਰ ਰੁਕ ਗਈ ਹੈ। -ਏਜੰਸੀ