ਨਵੀਂ ਦਿੱਲੀ, 24 ਜੁਲਾਈ
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵਿਗਿਆਨਕ ਉਪਕਰਨਾਂ ’ਤੇ ਜੀਐੱਸਟੀ ਵਧਾਉਣ ਲਈ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਲੋੜੀਂਦਾ ਵਿਗਿਆਨਕ ਗਿਆਨ ਆਸਮਾਨ ਵੱਲ ਦੇਖ ਕੇ ਤੇ ਅਤੀਤ ਦੀ ਕਲਪਨਾ ਕਰਕੇ ਹਾਸਲ ਕਰ ਸਕਦੇ ਹਾਂ। ਉਨ੍ਹਾਂ ਟਵੀਟ ਕੀਤਾ, ‘‘ਖੋਜ ਕੇਂਦਰਾਂ ਤੇ ’ਵਰਸਿਟੀਆਂ ਵੱਲੋਂ ਲੋੜੀਂਦੇ ਵਿਗਿਆਨਕ ਉਪਰਕਨਾਂ ’ਤੇ ਜੀਐੱਸਟੀ 5 ਫ਼ੀਸਦ ਤੋਂ ਵਧਾ ਕੇ 12-18 ਫ਼ੀਸਦ ਕੀਤਾ ਗਿਆ ਹੈ। ਵਿਗਿਆਨ ਮੰਤਰਾਲੇ ਦੇ ਬਜਟ ਅਲਾਟਮੈਂਟ ਵਿੱਚ ਪਿਛਲੇ ਸਾਲ ਨਾਲੋਂ 3.9 ਫ਼ੀਸਦ ਕਟੌਤੀ ਕਰਨ ਮਗਰੋਂ ਇਹ ਮੰਦਭਾਗੀ ਕਾਰਵਾਈ ਹੈ।’’ ਵਿਰੋਧੀ ਧਿਰ ਨੇ ਘਰੇਲੂ ਵਸਤਾਂ ’ਤੇ ਜੀਐੱਸਟੀ ਦਰ ਵਧਾਉਣ ਲਈ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਕਾਂਗਰਸ ਨੇ ਕਿਹਾ ਕਿ ਜਦੋਂ ਮਹਿੰਗਾਈ ਆਮ ਲੋਕਾਂ ਦੀਆਂ ਜੇਬਾਂ ’ਤੇ ਬੋਝ ਪਾ ਰਹੀ ਹੈ ਤਾਂ ਅਜਿਹੇ ਸਮੇਂ ਇਨ੍ਹਾਂ ਵਧੀਆ ਦਰਾਂ ਦਾ ਸਵਾਗਤ ਕਰਨਾ ਨਹੀਂ ਬਣਦਾ। -ਆਈਏਐੱਨਐੱਸ