ਲਖਨਊ, 22 ਜਨਵਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਭਾਜਪਾ ਦੀਆਂ ਚੋਣ ਪ੍ਰਚਾਰ ਵੈਨਾਂ ਰਵਾਨਾ ਕੀਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਇੱਕ ਸਮਾਗਮ ਮੌਕੇ ਉਨ੍ਹਾਂ ਕਿਹਾ,‘ਭਾਜਪਾ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਮੰਤਰ ਦੀ ਪਾਲਣਾ ਕਰਦਿਆਂ ਲੋਕਾਂ ਦਾ ਵਿਕਾਸ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ,‘ਸੂਬੇ ਦੇ 25 ਕਰੋੜ ਲੋਕਾਂ ਨੇ ਵੇਖ ਲਿਆ ਹੈ ਕਿ ਸਾਲ 2017 ਤੋਂ ਪਹਿਲਾਂ ਕਾਰੋਬਾਰੀਆਂ ਤੇ ਨਾਗਰਿਕਾਂ ਨੂੰ ਪਰਵਾਸ ਕਰਨਾ ਪੈਂਦਾ ਸੀ, ਜਿਸ ਕਾਰਨ ਸੂਬੇ ਦਾ ਵਿਕਾਸ ਰੁਕ ਗਿਆ ਸੀ। ਹੁਣ, ਰੁਝਾਨ ਉਲਟ ਹੋ ਗਿਆ ਹੈ ਤੇ 2017 ਤੋਂ ਬਾਅਦ ਅਪਰਾਧੀ ਪਰਵਾਸ ਕਰ ਰਹੇ ਹਨ।’ ਉਨ੍ਹਾਂ ਐੱਲਈਡੀ ਮੌਨੀਟਰਾਂ ਨਾਲ ਲੈਸ ਵੈਨਾਂ ਦੇ ਉਦੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਨੇ ਇਹ ਵੈਨਾਂ ਸਾਰੇ 403 ਹਲਕਿਆਂ ਵਿੱਚ ਆਪਣੀ ਚੋਣ ਮੁਹਿੰਮ ਅੱਗੇ ਵਧਾਉਣ ਲਈ ਰਵਾਨਾ ਕੀਤੀਆਂ ਹਨ।
ਉਨ੍ਹਾਂ ਕਿਹਾ,‘ਡਬਲ ਇੰਜਣ ਵਾਲੀ ਸਰਕਾਰ- ਕੇਂਦਰ ਤੇ ਸੂਬੇ ਵਿੱਚ ਭਾਜਪਾ ਦੇ ਲਾਭ ਸਾਰਿਆਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਿਨਾਂ ਕਿਸੇ ਭੇਦਭਾਵ ਸਾਰਿਆਂ ਦਾ ਵਿਕਾਸ ਕੀਤਾ ਹੈ। -ਪੀਟੀਆਈ