ਮੁੰਬਈ, 3 ਸਤੰਬਰ
ਮਰਾਠਾ ਰਾਖਵਾਂਕਰਨ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਤੇ ਮਗਰੋਂ ਹਿੰਸਾ ਹੋਣ ਦੀ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਜਲਨਾ ਦੇ ਐੱਸਪੀ ਤੁਸ਼ਾਰ ਦੋਸ਼ੀ ਨੂੰ ਲਾਜ਼ਮੀ ਛੁੱਟੀ ਉਤੇ ਭੇਜ ਦਿੱਤਾ ਹੈ। ਸ਼ਿੰਦੇ ਨੇ ਕਿਹਾ ਕਿ ਏਡੀਜੀਪੀ ਸੰਜੇ ਸਕਸੈਨਾ ਲਾਠੀਚਾਰਜ ਦੀ ਜਾਂਚ ਕਰਨਗੇ ਤੇ ਜੇ ਲੋੜ ਪਈ ਤਾਂ ਜੁਡੀਸ਼ਲ ਜਾਂਚ ਵੀ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਡੀਐੱਸਪੀ ਰੈਂਕ ਦੇ ਦੋ ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ ਵੀ ਦਿੱਤਾ ਹੈ।
ਦੱਸਣਯੋਗ ਹੈ ਕਿ ਪੁਲੀਸ ਨੇ ਜਲਨਾ ਜ਼ਿਲ੍ਹੇ ਦੇ ਪਿੰਡ ਵਿਚ ਸ਼ੁੱਕਰਵਾਰ ਉਸ ਵੇਲੇ ਲਾਠੀਚਾਰਜ ਕੀਤਾ ਜਦ ਮਰਾਠਾ ਰਾਖਵਾਂਕਰਨ ਲਈ ਭੁੱਖ ਹੜਤਾਲ ਉਤੇ ਬੈਠੇ ਇਕ ਵਿਅਕਤੀ ਨੂੰ ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ। ਇਸ ਤੋਂ ਬਾਅਦ ਭੀੜ ਹਿੰਸਕ ਹੋ ਗਈ ਤੇ ਕਈ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਪੁਲੀਸ ਕਰਮੀ ਵੀ ਸ਼ਾਮਲ ਸਨ। ਮੁਜ਼ਾਹਰਾਕਾਰੀਆਂ ਨੇ 15 ਬੱਸਾਂ ਨੂੰ ਵੀ ਅੱਗ ਲਾ ਦਿੱਤੀ। ਇਸ ਘਟਨਾ ਦੀ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੇ ਨਿਖੇਧੀ ਕੀਤੀ ਹੈ ਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦਾ ਅਸਤੀਫਾ ਮੰਗਿਆ ਹੈ। ਸ਼ਿੰਦੇ ਨੇ ਇੱਥੇ ਇਕ ਸਮਾਗਮ ਵਿਚ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਲਈ ਯਤਨ ਕਰ ਰਹੀ ਹੈ। ਰਾਖਵਾਂਕਰਨ ਮਾਮਲੇ ’ਤੇ ਸ਼ਿੰਦੇ ਨੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਤੇ ਊਧਵ ਠਾਕਰੇ ਨੂੰ ਵੀ ਨਿਸ਼ਾਨਾ ਬਣਾਇਆ।
ਪੁਲੀਸ ਲਾਠੀਚਾਰਜ ਵਿਰੁੱਧ ਦਿੱਤੇ ‘ਨਾਸਿਕ ਬੰਦ’ ਦੇ ਸੱਦੇ ਨੂੰ ਅੱਜ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।
ਬੰਦ ਦਾ ਸੱਦਾ ‘ਸਕਲ ਮਰਾਠਾ ਸਮਾਜ’ ਤੇ ‘ਮਰਾਠਾ ਕ੍ਰਾਂਤੀ ਮੋਰਚੇ’ ਨੇ ਦਿੱਤਾ ਸੀ। -ਪੀਟੀਆਈ
ਤਣਾਅ ਕਾਰਨ ਕਾਂਗਰਸ ਦੀ ‘ਜਨ ਸੰਵਾਦ ਯਾਤਰਾ’ ਮੁਲਤਵੀ
ਮੁੰਬਈ: ਕਾਂਗਰਸ ਦੀ ਮਹਾਰਾਸ਼ਟਰ ਇਕਾਈ ਨੇ ਲੋਕਾਂ ਤਕ ਪਹੁੰਚ ਬਣਾਉਣ ਲਈ ਅੱਜ ਸੂਬੇ ਵਿੱਚ ‘ਜਨ ਸੰਵਾਦ ਯਾਤਰਾ’ ਸ਼ੁਰੂ ਕੀਤੀ ਹੈ। ਯਾਤਰਾ ਦੌਰਾਨ ਕੇਂਦਰ ਸਰਕਾਰ ਤੇ ਸੂਬੇ ਦੀ ਏਕਨਾਥ ਸ਼ਿੰਦੇ ਸਰਕਾਰ ਦੇ ‘ਮਾੜੇ ਕੰਮਾਂ’ ਨੂੰ ਉਜਾਗਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਵਰਗੇ ਮੁੱਦੇ ਸ਼ਾਮਲ ਹਨ। ਇਸੇ ਦੌਰਾਨ ਪਾਰਟੀ ਨੇ ਮਰਾਠਵਾੜਾ ਦੇ ਕੁੱਲ ਅੱਠ ਜ਼ਿਲ੍ਹਿਆਂ ਔਰੰਗਾਬਾਦ, ਉਸਮਾਨਾਬਾਦ, ਜਾਲਨਾ, ਬੀੜ, ਲਾਤੂਰ, ਨਾਂਦੇੜ, ਹਿੰਗੋਲੀ ਤੇ ਪਰਭਾਨੀ ਵਿੱਚ ਆਰਜ਼ੀ ਤੌਰ ’ਤੇ ਯਾਤਰਾ ਮੁਅੱਤਲ ਕਰ ਦਿੱਤੀ ਹੈ ਕਿਉਂਕਿ ਜਾਲਨਾ ਜ਼ਿਲ੍ਹੇ ਵਿੱਚ ਮਰਾਠਾ ਰਾਖਵੇਂਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ ਸੀ ਜਿਸ ਕਾਰਨ ਇਲਾਕੇ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਕਾਂਗਰਸ ਦੇ ਸੂਬਾਈ ਪ੍ਰਧਾਨ ਨਾਨਾ ਪਟੋਲੇ ਨੇ ਪੂਰਬੀ ਵਿਦਰਭ ਦੇ ਵਰਧਾ ਜ਼ਿਲ੍ਹੇ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਅਸ਼ਤੀ ਤਾਲੁਕਾ ਵਿੱਚ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਵੀ ਅਰਪਣ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ, ਨੌਜਵਾਨ, ਕਾਰੋਬਾਰੀ ਤੇ ਮਹਿਲਾਵਾਂ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦ ਨੂੰ ਪੀੜਤ ਮਹਿਸੂਸ ਕਰ ਰਹੇ ਹਨ। ਮਹਾਰਾਸ਼ਟਰ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ ਤੇ ਫਸਲਾਂ ਖਰਾਬ ਹੋ ਰਹੀਆਂ ਹਨ। ਮਰਾਠਾ ਭਾਈਚਾਰੇ ਲਈ ਰਾਖਵਾਂਕਰਨ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ’ਤੇ ਜਾਲਨਾ ਵਿੱਚ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲਾਠੀਚਾਰਜ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ‘ਇੰਡੀਆ’ ਗੱਠਜੋੜ ਦੀ ਮੀਟਿੰਗ ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।
ਨਾਗਪੁਰ ਵਿੱਚ ਇਸ ਯਾਤਰਾ ਦੀ ਅਗਵਾਈ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੈ ਵਡੇਟੀਵਾਰ ਨੇ ਕੀਤੀ। ਇਸ ਯਾਤਰਾ ਵਿੱਚ ਕਾਂਗਰਸੀ ਆਗੂ ਸਤੇਜ ਪਾਟਿਲ ਨੇ ਵੀ ਸ਼ਮੂਲੀਅਤ ਕੀਤੀ ਅਤੇ ਪਿੰਡਾਂ ਵਿਚੋਂ ਲੰਘਦਿਆਂ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ। ਪਾਰਟੀ ਸੂਤਰਾਂ ਅਨੁਸਾਰ ਉੱਤਰੀ ਮਹਾਰਾਸ਼ਟਰ ਵਿੱਚ ਇਸ ਯਾਤਰਾ ਦੀ ਸ਼ੁਰੂਆਤ ਅਹਿਮਦਨਗਰ ਤੋਂ ਸੋਮਵਾਰ ਨੂੰ ਪਾਰਟੀ ਆਗੂ ਬਾਲਾਸਾਹਿਬ ਥੋਰਾਟ ਦੀ ਅਗਵਾਈ ਹੇਠ ਕੀਤੀ ਜਾਵੇਗੀ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਆਗੂ ਅਸ਼ੋਕ ਚਵਾਨ ਨੇ ਕਿਹਾ ਕਿ ਮਰਾਠਵਾੜਾ ਜ਼ਿਲ੍ਹੇ ਵਿੱਚ ਮੁਲਤਵੀ ਕੀਤੀ ਗਈ ਯਾਤਰਾ ਲਈ ਨਵੀਂਆਂ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। -ਪੀਟੀਆਈ