ਨਵੀਂ ਦਿੱਲੀ, 9 ਮਈ
ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਮੁੱਢਲਾ ਮੁੱਦਾ ਹਮੇਸ਼ਾ ਸਰਹੱਦੀ ਵਿਵਾਦਾਂ ਦਾ ਨਬਿੇੜਾ ਕਰਨਾ ਰਿਹਾ ਹੈ ਪਰ ਪੇਈਚਿੰਗ ਦਾ ਇਰਾਦਾ ਇਨ੍ਹਾਂ ਨੂੰ ‘ਜਿਊਂਦਾ’ ਰੱਖਣਾ ਹੈ। ਫ਼ੌਜ ਮੁਖੀ ਨੇ ਕਿਹਾ ਕਿ ਸਰਹੱਦ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਸੈਨਾ ਢੁੱਕਵੀਂ ਗਿਣਤੀ ਵਿਚ ਤਾਇਨਾਤ ਹੈ। ਜਨਰਲ ਪਾਂਡੇ ਨੇ ਕਿਹਾ ਕਿ ਫ਼ੌਜ ਦਾ ਮੰਤਵ ਅਪਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਮੁੜ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਤਾਇਨਾਤ ਫ਼ੌਜ ਨੂੰ ਆਪਣਾ ਕੰਮ ਮਜ਼ਬੂਤੀ ਨਾਲ ਕਰਨ ਤੇ ਇਰਾਦਿਆਂ ਵਿਚ ਦ੍ਰਿੜ੍ਹ ਰੱਖਣ ਲਈ ਪੂਰੀ ਸੇਧ ਦਿੱਤੀ ਗਈ ਹੈ। ਫ਼ੌਜ ਮੁਖੀ ਨੇ ਮੀਡੀਆ ਨੂੰ ਦੱਸਿਆ ਕਿ ਸੈਨਾ ਐਲਏਸੀ ਦੇ ਨਾਲ ਅਹਿਮ ਥਾਵਾਂ ਉਤੇ ਤਾਇਨਾਤ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ। ਜਨਰਲ ਨੇ ਕਿਹਾ ਕਿ ਇਕ ਮੁਲਕ ਵਜੋਂ ਸਾਨੂੰ ‘ਪੂਰੇ ਦੇਸ਼’ ਨੂੰ ਇਕਜੁੱਟ ਰੱਖਣ ਦੀ ਲੋੜ ਹੈ। ਹਫ਼ਤਾ ਪਹਿਲਾਂ ਥਲ ਸੈਨਾ ਦੀ ਕਮਾਨ ਸੰਭਾਲਣ ਵਾਲੇ ਜਨਰਲ ਪਾਂਡੇ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਕੂਟਨੀਤਕ ਤੇ ਫ਼ੌਜੀ ਗੱਲਬਾਤ ਨੇ ਕਈ ਖੇਤਰਾਂ ਤੋਂ ਸੈਨਾ ਵਾਪਸ ਸੱਦਣ ਦਾ ਰਾਹ ਖੋਲ੍ਹਿਆ ਸੀ। ਹੁਣ ਬਾਕੀ ਖੇਤਰਾਂ ਵਿਚ ਵੀ ਸੰਵਾਦ ਰਾਹੀਂ ਮਸਲੇ ਦਾ ਹੱਲ ਨਿਕਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸੈਨਾ ਦਾ ਮੰਤਵ ਦੋਵਾਂ ਪਾਸੇ ਭਰੋਸਾ ਬਣਾਉਣਾ ਹੈ ਪਰ ਇਹ ਇਕਪਾਸੜ ਨਹੀਂ ਬਣ ਸਕਦਾ। -ਪੀਟੀਆਈ