ਵਾਸ਼ਿੰਗਟਨ, 17 ਨਵੰਬਰ
ਅਮਰੀਕਾ ਦੇ ਸੰਸਦ ਮੈਂਬਰ ਜੌਹਨ ਕੌਰਨਿਨ ਨੇ ਕਿਹਾ ਕਿ ਚੀਨ ਵੱਲੋਂ ਭਾਰਤ ਨਾਲ ‘ਸਰਹੱਦੀ ਜੰਗ’ ਕੀਤੀ ਜਾ ਰਹੀ ਹੈ ਅਤੇ ਉਹ ਆਪਣੇ ਗੁਆਂਢੀਆਂ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਿਹਾ ਹੈ। ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਜੌਹਨ ਕੌਰਨਿਨ ਨੇ ਭਾਰਤ ਅਤੇ ਦੱਖਣ-ਪੂੂਰਬੀ ਏਸ਼ੀਆ ਦੇ ਆਪਣੇ ਦੌਰੇ ਦੇ ਵੇਰਵੇ ਸਾਂਝੇ ਕਰਦਿਆਂ ਅਮਰੀਕੀ ਸੰਸਦ ਵਿੱਚ ਇਹ ਗੱਲ ਆਖੀ ਹੈ। ਇਸ ਦੌਰੇ ਦਾ ਮਕਸਦ ਉਕਤ ਖਿੱਤੇ ਦੇ ਦੇਸ਼ਾਂ ਸਾਹਮਣੇ ਚੁਣੌਤੀਆਂ ਬਾਰੇ ਸਹੀ ਜਾਣਕਾਰੀ ਇਕੱਠੀ ਕਰਨਾ ਸੀ। ਕੌਰਨਿਨ ‘ਇੰਡੀਆ ਕਾਕਸ’ ਦੇ ਸਹਿ ਪ੍ਰਧਾਨ ਵੀ ਹਨ। ਜੌਹਨ ਕੌਰਨਿਨ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਕਿਹਾ, ‘‘ਸਭ ਤੋਂ ਵੱਡਾ ਅਤੇ ਸਭ ਤੋਂ ਗੰਭੀਰ ਖ਼ਤਰਾ ਉਨ੍ਹਾਂ ਦੇਸ਼ਾਂ ਲਈ ਹੈ ਜੋ ਚੀਨ ਦੀ ਸਰਹੱਦ ਦੇ ਨੇੜੇ ਹਨ।” ਉਨ੍ਹਾਂ ਕਿਹਾ ਕਿ ਚੀਨ ਕੌਮਾਂਤਰੀ ਪਾਣੀਆਂ (ਸਮੁੰਦਰੀ ਖੇਤਰ) ਵਿੱਚ ਆਵਾਜਾਈ ਦੀ ਆਜ਼ਾਦੀ ਨੂੰ ਧਮਕੀ ਦੇ ਰਿਹਾ ਹੈ, ਨਾਲ ਹੀ ਆਪਣੇ ਲੋਕਾਂ, ਖਾਸ ਤੌਰ ’ਤੇ ਉਈਗਰਾਂ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਹੈ। ਉਹ ਭਾਰਤ ਨਾਲ ਸਰਹੱਦੀ ਜੰਗ ਛੇੜ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਚੀਨ ਦੇ ਗਣਰਾਜ, ਜਿਸ ਨੂੰ ਤਾਇਵਾਨ ਵਜੋਂ ਜਾਣਿਆ ਜਾਂਦਾ ਹੈ, ’ਤੇ ਹਮਲਾ ਕਰਨ ਦੀ ਧਮਕੀ ਦੇ ਰਿਹਾ ਹੈ। -ਪੀਟੀਆਈ