ਨਵੀਂ ਦਿੱਲੀ, 14 ਅਗਸਤ
ਭਾਰਤ ਨੇ ਉਮੀਦ ਜਤਾਈ ਹੈ ਕਿ ਚੀਨ ਪੂਰਬੀ ਲੱਦਾਖ ’ਚ ਸਰਹੱਦੀ ਇਲਾਕਿਆਂ ’ਚੋਂ ਤਣਾਅ ਘਟਾਉਣ ਅਤੇ ਫ਼ੌਜ ਪੂਰੀ ਤਰ੍ਹਾਂ ਪਿੱਛੇ ਹਟਾਉਣ ਲਈ ਗੰਭੀਰਤਾ ਨਾਲ ਮਿਲ ਕੇ ਕੰਮ ਕਰੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਦੁਵੱਲੇ ਸਬੰਧਾਂ ’ਚ ਸੁਧਾਰ ਲਈ ਦੋਵੇਂ ਮੁਲਕਾਂ ਵੱਲੋਂ ਸਰਹੱਦ ’ਤੇ ਪੂਰੀ ਤਰ੍ਹਾਂ ਨਾਲ ਸ਼ਾਂਤੀ ਬਣਾਉਣ ਦੀ ਲੋੜ ਹੈ। ਉਧਰ ਚੀਨ ’ਚ ਭਾਰਤੀ ਸਫ਼ੀਰ ਵਿਕਰਮ ਮਿਸਰੀ ਨੇ ਅੱਜ ਚੀਨੀ ਫ਼ੌਜ ਦੇ ਸੀਨੀਅਰ ਜਨਰਲ ਨਾਲ ਮੁਲਾਕਾਤ ਕਰ ਕੇ ਪੂਰਬੀ ਲੱਦਾਖ ’ਚ ਸਰਹੱਦ ’ਤੇ ਹਾਲਾਤ ਬਾਰੇ ਭਾਰਤ ਦੇ ਸਟੈਂਡ ਦੀ ਜਾਣਕਾਰੀ ਦਿੱਤੀ। ਪਿਛਲੇ ਤਿੰਨ ਦਿਨਾਂ ’ਚ ਸ੍ਰੀ ਮਿਸਰੀ ਅਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਇਹ ਦੂਜੀ ਬੈਠਕ ਸੀ। ਇਹ ਮੁਲਾਕਾਤਾਂ ਉਸ ਸਮੇਂ ਹੋਈਆਂ ਹਨ ਜਦੋਂ ਰਿਪੋਰਟਾਂ ਆਈਆਂ ਹਨ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਅਸਲ ਕੰਟਰੋਲ ਰੇਖਾ ਤੋਂ ਪਿੱਛੇ ਹਟਾਉਣ ਦੇ ਅਮਲ ਨੂੰ ਬਰੇਕਾਂ ਲੱਗ ਗਈਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਫ਼ੌਜ ਪਿੱਛੇ ਹਟਾਉਣ ਦੇ ਸਿਧਾਂਤਾਂ ’ਤੇ ਸਹਿਮਤੀ ਬਣੀ ਸੀ ਅਤੇ ਇਸ ’ਚ ਕੁਝ ਪ੍ਰਗਤੀ ਵੀ ਹੋਈ ਸੀ ਪਰ ਨਿਯਮਤ ਚੌਕੀਆਂ ’ਤੇ ਜਵਾਨਾਂ ਦੀ ਮੁੜ ਤੋਂ ਤਾਇਨਾਤੀ ਦਾ ਅਮਲ ਵੀ ਪੂਰਾ ਹੋਣਾ ਚਾਹੀਦਾ ਹੈ। ਤਰਜਮਾਨ ਨੇ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਤੋਂ ਫ਼ੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣਾ ਚਾਹੁੰਦਾ ਹੈ ਪਰ ਇਸ ’ਤੇ ਦੋਵੇਂ ਮੁਲਕਾਂ ਨੂੰ ਸਹਿਮਤੀ ਬਣਾਏ ਜਾਣ ਦੀ ਲੋੜ ਹੈ। -ਪੀਟੀਆਈ