ਨਵੀਂ ਦਿੱਲੀ, 9 ਜੁਲਾਈ
ਸੀਬੀਆਈ ਵੱਲੋਂ ਅੱਜ ਚੀਨੀ ਵੀਜ਼ਾ ਮਾਮਲੇ ਦੇ ਸਬੰਧ ਵਿੱਚ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੇ ਚੇਨੱਈ ਵਿੱਚ ਸਥਿਤ ਘਰ ਦੀ ਤਲਾਸ਼ੀ ਲਈ ਗਈ।
ਅਧਿਕਾਰੀਆਂ ਨੇ ਕਿਹਾ ਕਿ ਐੱਫਆਈਆਰ ਦਰਜ ਹੋਣ ਤੋਂ ਬਾਅਦ 17 ਮਈ ਨੂੰ ਲਈ ਗਈ ਤਲਾਸ਼ੀ ਦੌਰਾਨ ਕਾਰਤੀ ਚਿਦੰਬਰਮ ਦੇ ਘਰ ਦਾ ਇਕ ਹਿੱਸਾ ਸੀਲ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਹਿੱਸੇ ਦੀਆਂ ਚਾਬੀਆਂ ਨਹੀਂ ਸਨ। ਸਮਝਿਆ ਜਾ ਰਿਹਾ ਹੈ ਕਿ ਉਸ ਹਿੱਸੇ ਦੀਆਂ ਚਾਬੀਆਂ ਕਾਰਤੀ ਦੀ ਪਤਨੀ ਕੋਲ ਹੋਣਗੀਆਂ ਜੋ ਕਿ ਘਰ ਦੀ ਤਲਾਸ਼ੀ ਦੇ ਸਮੇਂ ਵਿਦੇਸ਼ ਗਈ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਚਾਬੀਆਂ ਮਿਲਣ ਤੋਂ ਬਾਅਦ ਅੱਜ ਉਸ ਹਿੱਸੇ ਦੀ ਤਲਾਸ਼ੀ ਲਈ ਗਈ। ਇਹ ਤਲਾਸ਼ੀ 17 ਮਈ ਨੂੰ ਲਈ ਗਈ ਤਲਾਸ਼ੀ ਦਾ ਹੀ ਹਿੱਸਾ ਸੀ। ਉਧਰ, ਕਾਰਤੀ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਸਿਆਸੀ ਬਦਲਾਖੋਰੀ ਅਤੇ ਇਸ ਕੇਸ ਨੂੰ ਆਪਣੇ ਖ਼ਿਲਾਫ਼ ਦਰਜ ਹੋਏ ਤਿੰਨੋਂ ਕੇਸਾਂ ਵਿੱਚੋਂ ਸਭ ਤੋਂ ਝੂਠਾ ਕਰਾਰ ਦਿੱਤਾ ਹੈ। ਸੀਬੀਆਈ ਨੇ ‘ਤਲਵੰਡੀ ਸਾਬੋ ਪਾਵਰ ਲਿਮਿਟਡ’ ਦੇ ਇਕ ਚੋਟੀ ਦੇ ਅਧਿਕਾਰੀ ਵੱਲੋਂ ਕਾਰਤੀ ਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਐੱਸ ਭਾਸਕਰਰਮਨ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਦੇ ਦੋਸ਼ ਹੇਠ ਕਾਰਤੀ ਤੇ ਹੋਰਾਂ ਖ਼ਿਲਾਫ਼ 14 ਮਈ ਨੂੰ ਕੇਸ ਦਰਜ ਕੀਤਾ ਸੀ। -ਪੀਟੀਆਈ