ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਪੁਲੀਸ ਨੇ ਇੱਕ ਚੀਨੀ ਔਰਤ ਨੂੰ ਫਰਜ਼ੀ ਨਾਮ ਹੇਠ ਭਾਰਤ ਵਿੱਚ ਰਹਿਣ ਅਤੇ ਕਥਿਤ ਤੌਰ ’ਤੇ ‘ਦੇਸ਼ ਵਿਰੋਧੀ ਗਤੀਵਿਧੀਆਂ’ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਪਛਾਣ ਕਾਈ ਰੁਓ ਵਜੋਂ ਹੋਈ ਹੈ ਅਤੇ ਉਹ ਚੀਨ ਦੇ ਹੈਨਾਨ ਸੂਬੇ ਦੀ ਰਹਿਣ ਵਾਲੀ ਹੈ। ਪੁਲੀਸ ਨੇ ਦੱਸਿਆ ਕਿ ਉਹ ਨੇਪਾਲੀ ਨਾਗਰਿਕ ਵਜੋਂ ਭਾਰਤ ਵਿੱਚ ਰਹਿ ਰਹੀ ਸੀ ਅਤੇ ਉਸ ਨੂੰ ਉੱਤਰੀ ਦਿੱਲੀ ਦੇ ਮਜਨੂੰ ਕਾ ਟਿੱਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਕੋਲੋਂ ਡੋਲਮਾ ਲਾਮਾ ਦੇ ਨਾਮ ਵਾਲਾ ਨੇਪਾਲੀ ਨਾਗਰਿਕਤਾ ਸਰਟੀਫਿਕੇਟ ਬਰਾਮਦ ਕੀਤਾ ਗਿਆ। ਜਦੋਂ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ ਵੱਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਉਹ ਚੀਨੀ ਨਾਗਰਿਕ ਹੈ ਅਤੇ 2019 ਵਿੱਚ ਭਾਰਤ ਆਈ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਔਰਤ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਨੇਪਾਲੀ ਨਾਗਰਿਕ ਵਜੋਂ ਭਾਰਤ ਵਿੱਚ ਰਹਿ ਰਹੀ ਹੈ ਤਾਂ ਉਨ੍ਹਾਂ ਉਸ ਨੂੰ ਮਜਨੂੰ ਕਾ ਟਿੱਲਾ ਤੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ 17 ਅਕਤੂਬਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ