ਨਵੀਂ ਦਿੱਲੀ, 7 ਮਾਰਚ
ਇਥੋਂ ਦੀ ਅਦਾਲਤ ਨੇ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਐੱਮਡੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਿੱਤਰਾ ਰਾਮਕ੍ਰਿਸ਼ਨਾ ਨੂੰ ਸ਼ੇਅਰ ਬਾਜ਼ਾਰ ਨਾਲ ਜੁੜੇ ਘੁਟਾਲੇ ਦੇ ਕੇਸ ’ਚ 7 ਦਿਨਾਂ ਲਈ ਸੀਬੀਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ 14 ਮਾਰਚ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਂਜ ਜਾਂਚ ਏਜੰਸੀ ਨੇ ਚਿਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ। ਚਿਤਰਾ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਸ਼ਨਿਚਰਵਾਰ ਨੂੰ ਖਾਰਜ ਹੋਣ ਮਗਰੋਂ ਐਤਵਾਰ ਨੂੰ ਸੀਬੀਆਈ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਸੀਬੀਆਈ ਦੀਆਂ ਦਲੀਲਾਂ ਸੁਣਨ ਮਗਰੋਂ ਇਹ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕਰਨ ਦੀ ਲੋੜ ਹੈ ਤਾਂ ਜੋ ਸਾਜ਼ਿਸ਼ ਦਾ ਪਰਦਾਫਾਸ਼ ਹੋ ਸਕੇ। ਇਸ ਕੇਸ ’ਚ ਸਹਿ-ਮੁਲਜ਼ਮ ਆਨੰਦ ਸੁਬਰਾਮਣੀਅਨ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ