ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਸ ਖ਼ਿਲਾਫ਼ 2017 ਵਿੱਚ ਵਿੱਢੀ ਜਾਂਚ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ, ਜਿਸ ਕਰਕੇ ਉਸ ਨੇ ਭਾਰਤ ਤੋਂ ਭੱਜਣ/ਫ਼ਰਾਰ ਹੋਣ ਦੀ ਯੋਜਨਾ ਘੜੀ। ਚੋਕਸੀ ਨੇ ਆਪਣੀਆਂ ਪੈੜਾਂ ਨੂੰ ਮਿਟਾਉਣ ਲਈ ਸਬੂਤਾਂ ਨਾਲ ਵੀ ਛੇੜਛਾੜ ਕੀਤੀ। ਸੀਬੀਆਈ ਨੇ ਪੂਰਕ ਚਾਰਜਸ਼ੀਟ ਵਿੱਚ ਹੋਰਨਾਂ ਦੋਸ਼ਾਂ ਤੋਂ ਇਲਾਵਾ ਧਾਰਾ 201 ਵੀ ਲਾਈ ਹੈ, ਜੋ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮ ਵੱਲੋਂ ਸਬੂਤ ਮਿਟਾਉਣ ਨਾਲ ਸਬੰਧਤ ਹੈ। ਏਜੰਸੀ ਮੁਤਾਬਕ ਚੋਕਸੀ ਨੇ ਅਪਰਾਧਿਕ ਸਾਜ਼ਿਸ਼ ਤਹਿਤ ਪੀਐਨਬੀ ਦੇ ਡਿਪਟੀ ਮੈਨੇਜਰ ਗੋਕੁਲਨਾਥ ਸ਼ੈੱਟੀ ਤੋਂ ਉਹ ਸਾਰੇ ਦਸਤਾਵੇਜ਼ ਵਾਪਸ ਹਾਸਲ ਕਰ ਲਏ, ਜੋ ਲੈਟਰਜ਼ ਆਫ਼ ਅੰਡਰਟੇਕਿੰਗ (ਐੱਲਓਯੂ) ਤੇ 58 ਫੌਰੇਨ ਲੈਟਰਜ਼ ਆਫ਼ ਕਰੈਡਿਟ (ਐੱਫਐੱਲਸੀ) ਵਿੱਚ ਧੋਖੇ ਨਾਲ ਕੀਤੀਆਂ ਸੋਧਾਂ ਨਾਲ ਸਬੰਧਤ ਸਨ। ਏਜੰਸੀ ਨੇ ਕਿਹਾ ਕਿ ਸਾਰੇ ਦਸਤਾਵੇਜ਼ ਸੀਬੀਆਈ ਵੱਲੋਂ ਮੇਹੁਲ ਚੋਕਸੀ ਦੇ ਕਿਰਾਏ ’ਤੇ ਰਹਿੰਦੇ ਮੁਲਾਜ਼ਮਾਂ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ ਬਰਾਮਦ ਹੋਏ ਹਨ। -ਪੀਟੀਆਈ
ਚੋਕਸੀ ਨੂੰ ਭਾਰਤ ਲਿਆਉਣ ਲਈ ਡੌਮੀਨਿਕਾ ਦੇ ਸੰਪਰਕ ਵਿੱਚ ਹਾਂ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ਲਈ ਪੂਰੀ ਸਰਗਰਮੀ ਨਾਲ ਡੌਮੀਨਿਕਾ ਸਰਕਾਰ ਦੇ ਸੰਪਰਕ ਵਿੱਚ ਹੈ। ਡੌਮੀਨਿਕਾ ਦੀ ਮੈਜਿਸਟਰੇਟੀ ਅਦਾਲਤ ਨੇ ਚੋਕਸੀ ਦੀ ਕੈਰੇਬਿਆਈ ਟਾਪੂਨੁਮਾ ਮੁਲਕ ਵਿੱਚ ਕਥਿਤ ਗੈਰਕਾਨੂੰਨੀ ਦਾਖ਼ਲੇ ਨਾਲ ਜੁੜੇ ਕੇਸ ਦੀ ਸੁਣਵਾਈ 25 ਜੂਨ ਤੱਕ ਮੁਲਤਵੀ ਕੀਤੀ ਹੋਈ ਹੈ। ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਚੋਕਸੀ ਡੌਮੀਨਿਕਾ ਅਥਾਰਿਟੀਜ਼ ਦੀ ਹਿਰਾਸਤ ਵਿੱਚ ਹੀ ਰਹੇਗਾ ਤੇ ਕਾਨੂੰਨੀ ਕਾਰਵਾਈ ਜਾਰੀ ਹੈ। -ਪੀਟੀਆਈ