ਕੋਲਕਾਤਾ, 5 ਸਤੰਬਰ
ਪੱਛਮੀ ਬੰਗਾਲ ਸੀਆਈਡੀ ਨੇ ਸੂਬਾਈ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੂੰ ਉਨ੍ਹਾਂ ਦੇ ਅੰਗਰੱਖਿਅਕ ਦੀ ਮੌਤ ਦੀ ਜਾਂਚ ਦੇ ਸੰਦਰਭ ਵਿੱਚ ਤਲਬ ਕੀਤਾ ਹੈ। ਨੰਦੀਗ੍ਰਾਮ ਹਲਕੇ ਤੋਂ ਭਾਜਪਾ ਵਿਧਾਇਕ ਅਧਿਕਾਰੀ ਨੂੰ ਸੋਮਵਾਰ ਨੂੰ ਭਵਾਨੀ ਭਵਨ ਵਿਚਲੇ ਸੀਆਈਡੀ ਹੈੱਡਕੁਆਰਟਰ ਵਿੱਚ ਤਫ਼ਤੀਸ਼ੀ ਅਧਿਕਾਰੀਆਂ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਾਬਿਲੇਗੌਰ ਹੈ ਕਿ ਅਧਿਕਾਰੀ ਦੇ ਅੰਗਰੱਖਿਅਕ ਸ਼ੁਭਬ੍ਰਤਾ ਚੱਕਰਬਰਤੀ ਨੇ ਕਥਿਤ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਖੁ਼ਦ ਨੂੰ ਗੋਲੀ ਮਾਰ ਲਈ ਸੀ। ਸੀਆਈਡੀ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਗਠਿਤ ਕੀਤੀ ਗਈ ਸੀ। ਚੱਕਰਬਰਤੀ ਦੀ ਪਤਨੀ ਨੇ ਕੋਨਟਾਈ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਕੇ ਆਪਣੇ ਪਤੀ ਦੀ ਮੌਤ ਮਾਮਲੇ ਦੀ ਜਾਂਚ ਮੰਗੀ ਸੀ। ਸੀਆਈਡੀ ਹੁਣ ਤੱਕ 15 ਤੋਂ ਵੱਧ ਲੋਕਾਂ ਤੋਂ ਪੁੱਛ-ਪੜਤਾਲ ਕਰ ਚੁੱਕੀ ਹੈ, ਜਿਨ੍ਹਾਂ ਵਿੱਚ 11 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਜਾਂਚ ਟੀਮ ਦੇ ਮੈਂਬਰ ਪੁੱਛਗਿੱਛ ਲਈ ਅਧਿਕਾਰੀ ਦੀ ਪੂਰਬਾ ਮੇਦਨੀਪੁਰ ਵਿਚਲੀ ‘ਸ਼ਾਂਤੀ ਕੁੰਜ’ ਰਿਹਾਇਸ਼ ’ਤੇ ਵੀ ਗਏ ਸਨ। ਸੂਬਾਈ ਹਥਿਆਰਬੰਦ ਪੁਲੀਸ ਦੇ ਅਮਲੇ ਵਿੱਚ ਸ਼ਾਮਲ ਚੱਕਰਬਰਤੀ ਉਦੋਂ ਤੋਂ ਅਧਿਕਾਰੀ ਦੀ ਸੁਰੱਖਿਆ ਟੀਮ ਵਿੱਚ ਸ਼ਾਮਲ ਸੀ, ਜਦੋਂ ਉਹ ਟੀਐੱਮਸੀ ਦੇ ਸੰਸਦ ਮੈਂਬਰ ਸਨ। ਸਾਲ 2015 ਵਿੱਚ ਅਧਿਕਾਰੀ ਦੇ ਮੰਤਰੀ ਬਣਨ ਮਗਰੋਂ ਵੀ ਉਹ ਉਨ੍ਹਾਂ ਦੇ ਨਾਲ ਹੀ ਰਿਹਾ। -ਪੀਟੀਆਈ