ਨਵੀਂ ਦਿੱਲੀ: ਸੀਆਈਐੱਸਸੀਈ ਨੇ ਅੱਜ ਦੱਸਿਆ ਕਿ ਦਸਵੀਂ ਤੇ ਬਾਰ੍ਹਵੀਂ ਕਲਾਸ ਦੇ ਨਤੀਜੇ 24 ਜੁਲਾਈ ਨੂੰ ਐਲਾਨੇ ਜਾਣਗੇ। ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਬੋਰਡ ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਨੇ ਅੱਜ ਦੱਸਿਆ, ‘ਦਸਵੀਂ ਕਲਾਸ (ਆਈਸੀਐੱਸਸੀ) ਅਤੇ ਬਾਰ੍ਹਵੀਂ ਕਲਾਸ (ਆਈਐੱਸੀ) ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸ਼ਨਿਚਰਵਾਰ 24 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਐਲਾਨੇ ਜਾਣਗੇ। ਇਹ ਨਤੀਜੇ ਕੌਂਸਲ ਦੀ ਵੈੱਬਸਾਈਟ ’ਤੇ ਅਤੇ ਐੱਸਐੱਮਐੱਸ ਰਾਹੀਂ ਉਪਲੱਬਧ ਹੋਣਗੇ।’ ਉਨ੍ਹਾਂ ਦੱਸਿਆ, ‘ਸਕੂਲਾਂ ਲਈ ਨੰਬਰ ਸਾਰਣੀ ਰਜਿਸਟਰ ਸੀਏਆਰਈਈਆਰਐੱਸ (ਕੈਰੀਅਰਜ਼) ਪੋਰਟਲ ’ਤੇ ਉਪਲੱਬਧ ਕਰਵਾਇਆ ਜਾਵੇਗਾ। ਸਕੂਲ ਕੌਂਸਲ ਦੇ ਇਸ ਪੋਰਟਲ ’ਤੇ ਪ੍ਰਿੰਸੀਪਲਾਂ ਦੀ ਲਾਗਇਨ ਆਈਡੀ ਅਤੇ ਪਾਸਵਰਡ ਦੀ ਮਦਦ ਨਾਲ ਨਤੀਜੇ ਦੇਖ ਸਕਣਗੇ।’ ਅਰਾਥੂਨ ਨੇ ਦੱਸਿਆ ਕਿ ਇਸ ਵਾਰ ਸਵਾਲਾਂ ਦੇ ਜਵਾਬਾਂ ਦੀ ਮੁੜ ਚੈਕਿੰਗ ਦੀ ਆਪਸ਼ਨ ਨਹੀਂ ਹੋਵੇਗੀ। -ਪੀਟੀਆਈ