ਗਾਜ਼ੀਆਬਾਦ, 10 ਮਾਰਚ
ਕੇਂਦਰੀ ਸਨਅਤੀ ਸੁਰੱਖਿਆ ਫੋਰਸ (ਸੀਆਈਐੱਸਐੱਫ) ਨੇ ਅੱਜ ਆਪਣਾ 52ਵਾਂ ਸਥਾਪਨਾ ਦਿਹਾੜਾ ਮਨਾਇਆ। ਸਮਾਗਮ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਰਸਮੀ ਪਰੇਡ ਦਾ ਮੁਆਇਨਾ ਵੀ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਪਨਾ ਦਿਹਾੜੇ ’ਤੇ ਸੀਆਈਐੱਸਐੱਫ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਵਿੱਚ ਸੀਆਈਐੱਸਐੱਫ ਦਾ ਅਹਿਮ ਯੋਗਦਾਨ ਹੈ। ਸੀਆਈਐੱਸਐੱਫ ਦੀ ਸਥਾਪਨਾ ਸਾਲ 1969 ਵਿੱਚ ਕੀਤੀ ਗਈ ਸੀ ਤੇ ਇਸ ਨੂੰ ਸਰਕਾਰੀ ਤੇ ਸਨਅਤੀ ਇਮਾਰਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸੀਆਈਐੱਸਐੱਫ ਅਮਲੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਨੀਮ ਫੌਜੀ ਬਲ ਦੇ ਡਾਇਰੈਕਟਰ ਜਨਰਲ ਸੁਬੋਧ ਜੈਸਵਾਲ ਨੇ ਕਿਹਾ ਕਿ ਸੀਆਈਐੱਸਐੱਫ ਭਵਿੱਖੀ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਖੁ਼ਦ ਨੂੰ ‘ਸਿਫ਼ਰ ਗ਼ਲਤੀ’ ਤੇ ‘ਅਤਿ ਲਾਭਕਾਰੀ’ ਵਜੋਂ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 1.62 ਲੱਖ ਤੋਂ ਵੱਧ ਦੀ ਨਫਰੀ ਵਾਲਾ ਇਹ ਨੀਮ ਫੌਜੀ ਬਲ ਇਸ ਧਾਰਨਾਂ ਨੂੰ ਬਦਲਣ ਲਈ ਕੰਮ ਕਰ ਰਿਹਾ ਹੈ ਕਿ ਸੀਆਈਐੱਸਐੱਫ ਕਾਫ਼ੀ ‘ਮਹਿੰਗਾ ਬਲ’ ਹੈ। ਜੈਸਵਾਲ ਨੇ ਕਿਹਾ ਕਿ ਭਵਿੱਖੀ ਚੁਣੌਤੀਆਂ ਦੇ ਮੱਦੇਨਜ਼ਰ ਉਹ ਮਨੁੱਖੀ ਸਰੋਤ ਤੇ ਉਪਲਬਧ ਆਧੁਨਿਕ ਤਕਨਾਲੋਜੀ ਦੇ ਸੁਮੇਲ ਨਾਲ ਖੁ਼ਦ ਨੂੰ ‘ਅਤਿ ਲਾਭਕਾਰੀ’ ਬਲ ਵਜੋਂ ਸਥਾਪਤ ਕਰਨ ਦੀ ਦਿਸ਼ਾ ’ਚ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਨੇਮਾਂ ਮੁਤਾਬਕ ਹਥਿਆਰਬੰਦ ਸੀਆਈਐੱਸਐੱਫ ਸੁਰੱਖਿਆ ਦਾ ਸਾਰਾ ਖਰਚਾ, ਸਰਕਾਰੀ ਜਾਂ ਨਿੱਜੀ ਖੇਤਰ ਵਿੱਚ ਠੇਕਾ ਲੈਣ ਵਾਲੀ ਸਬੰਧਤ ਸੰਸਥਾ ਵੱਲੋਂ ਚੁੱਕਿਆ ਜਾਂਦਾ ਹੈ। ਸੀਆਈਐੱਸਐੱਫ ਵੱਲੋਂ ਹਵਾਈ ਅੱਡਿਆਂ ਸਮੇਤ ਕਈ ਥਾਵਾਂ ’ਤੇ ਸੁਰੱਖਿਆ ਦਿੱਤੀ ਜਾ ਰਹੀ ਹੈ।
-ਪੀਟੀਆਈ