ਨਵੀਂ ਦਿੱਲੀ, 20 ਮਾਰਚ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵੱਲੋਂ ਬਿਨਾਂ ਹਥਿਆਰ ਵਾਲੀ ਡਿਊਟੀ ਕਰਨ ਲਈ ਤਜਰਬੇ ਵਜੋਂ ਕਰੀਬ 1700 ਸਾਬਕਾ ਸੈਨਿਕਾਂ ਦੀ ਭਰਤੀ ਨੂੰ ਕੁਝ ਖਾਸ ਹਮਾਇਤ ਨਹੀਂ ਮਿਲ ਰਹੀ ਹੈ ਅਤੇ ਉਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਉਨ੍ਹਾਂ ਸਾਰਿਆਂ ਦਾ ਕੰਟਰੈਕਟ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਸੀਆਈਐੱਸਐੱਫ ਨੂੰ ਕਿਹਾ ਸੀ ਕਿ ਉਹ ਥਰਮਲ ਬਿਜਲੀ ਘਰਾਂ ਅਤੇ ਕੋਲਾ ਉਤਪਾਦਨ ਇਕਾਈਆਂ ਸਮੇਤ ਦੇਸ਼ ’ਚ ਆਪਣੀਆਂ 13 ਸੁਰੱਖਿਆ ਇਕਾਈਆਂ ’ਚ ‘ਨਾਨ ਕੋਰ’ ਡਿਊਟੀ ਲਈ 2 ਹਜ਼ਾਰ ਸਾਬਕਾ ਸੈਨਿਕਾਂ ਦੀ ਭਰਤੀ ਬਾਰੇ ਵਿਚਾਰ ਕਰੇ। ਇਨ੍ਹਾਂ ਸਾਬਕਾ ਸੈਨਿਕਾਂ ਦੀ ਭਰਤੀ ਠੇਕੇ ’ਤੇ ਇਕ ਸਾਲ ਲਈ ਕੀਤੀ ਜਾਣੀ ਸੀ ਅਤੇ ਉਸ ਤੋਂ ਬਾਅਦ ਇਸ ਠੇਕੇ ਨੂੰ ਇਕ-ਇਕ ਸਾਲ ਲਈ ਦੋ ਵਾਰ ਵਧਾਇਆ ਜਾ ਸਕਦਾ ਸੀ। ਇਸ ਭਰਤੀ ਦਾ ਮਕਸਦ ਸਾਬਕਾ ਸੈਨਿਕਾਂ ਦੀ ‘ਮਦਦ ਤੇ ਪੁਨਰਵਾਸ’ ਅਤੇ ਸੁਰੱਖਿਆ ਦੇ ਖੇਤਰ ’ਚ ਉਨ੍ਹਾਂ ਦੇ ਤਜਰਬਿਆਂ ਦਾ ਲਾਹਾ ਲੈਣਾ ਸੀ। ਸੀਆਈਐੱਸਐੱਫ ਦੀ ਮੁੱਖ ਜ਼ਿੰਮੇਵਾਰੀ ਹਵਾਈ ਅੱਡਿਆਂ, ਪਰਮਾਣੂ ਪਲਾਂਟਾਂ ਅਤੇ ਐਰੋਸਪੇਸ ਅਦਾਰਿਆਂ ਦੇ ਨਾਲ ਨਾਲ ਸਰਕਾਰੀ ਤੇ ਨਿੱਜੀ ਖੇਤਰ ਦੇ ਵੱਖ ਵੱਖ ਅਹਿਮ ਟਿਕਾਣਿਆਂ ਦੀ ਸੁਰੱਖਿਆ ਕਰਨਾ ਹੈ। ਉਨ੍ਹਾਂ ਪਿਛਲੇ ਸਾਲ ਮਾਰਚ ’ਚ ਇਸ਼ਤਿਹਾਰ ਜਾਰੀ ਕਰਕੇ ਸਬ ਇੰਸਪੈਕਟਰ, ਏਐੱਸਆਈ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ਦੇ ਅਹੁਦਿਆਂ ਲਈ ਸਾਬਕਾ ਫ਼ੌਜੀਆਂ ਵਾਸਤੇ 2 ਹਜ਼ਾਰ ਅਸਾਮੀਆਂ ਕੱਢੀਆਂ ਸਨ। -ਪੀਟੀਆਈ