ਨਵੀਂ ਦਿੱਲੀ, 5 ਸਤੰਬਰ
ਆਮਦਨ ਕਰ ਵਿਭਾਗ ਨੇ 75 ਵਰ੍ਹਿਆਂ ਜਾਂ ਇਸ ਤੋਂ ਵਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਵਾਸਤੇ ਹਲਫਨਾਮੇ ਨਿਰਧਾਰਤ ਕੀਤੇ ਹਨ। ਇਨ੍ਹਾਂ ਹਲਫਨਾਮਿਆਂ ਨੂੰ ਭਰਨ ਦੇ ਨਾਲ ਇਨ੍ਹਾਂ ਸੀਨੀਅਰ ਸਿਟੀਜ਼ਨਾਂ ਨੂੰ ਵਰ੍ਹਾ 2021-2022 ਲਈ ਆਮਦਨ ਕਰ ਰਿਟਰਨ ਭਰਨ ਦੀ ਲੋੜ ਨਹੀਂ ਪਏਗੀ। ਜ਼ਿਕਰਯੋਗ ਹੈ ਕਿ 2021-22 ਦੇ ਬਜਟ ਵਿੱਚ 75 ਵਰ੍ਹਿਆਂ ਜਾਂ ਇਸ ਤੋਂ ਵਧ ਉਮਰ ਦੇ ਉਨ੍ਹਾਂ ਬਜ਼ੁਰਗਾਂ ਨੂੰ ਆਮਦਨ ਕਰ ਰਿਟਰਨ ਭਰਨ ਵਿੱਚ ਛੋਟ ਦਿੱਤੀ ਗਈ ਹੈ ਜੋ ਇਸ ਵਰ੍ਹੇ ਪਹਿਲੀ ਅਪਰੈਲ ਤੋਂ ਪੈਨਸ਼ਨਾਂ ਜਾਂ ਫਿਕਸ ਡਿਪਾਜ਼ਿਟਾਂ ਤੋਂ ਆਮਦਨ ਪ੍ਰਾਪਤ ਕਰ ਰਹੇ ਹਨ। ਇਹ ਛੋਟ ਉਨ੍ਹਾਂ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀ ਗਈ ਹੈ ਜੋ ਪੈਨਸ਼ਨ ਲੈ ਰਹੇ ਹਨ ਜਾਂ ਬੈਕਾਂ ਵਿੱਚ ਫਿਕਸਡ ਡਿਪਾਜ਼ਿਟ ਤੋਂ ਵਿਆਜ ਕਮਾ ਰਹੇ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਨੇ ਇਨ੍ਹਾਂ ਵਡੇਰੀ ਉਮਰ ਦੇ ਨਾਗਰਿਕਾਂ ਲਈ ਹਲਫਨਾਮੇ ਨਿਰਧਾਰਤ ਕੀਤੇ ਹਨ ਤੇ ਇਹ ਹਲਫਨਾਮੇ ਭਰ ਕੇ ਸੀਨੀਅਰ ਸਿਟੀਜ਼ਨ ਸਬੰਧਤ ਬੈਂਕਾਂ ਵਿੱਚ ਜਮ੍ਹਾਂ ਕਰਵਾਉਣਗੇ ਅਤੇ ਬੈਂਕ ਪੈਨਸ਼ਨ ਅਤੇ ਵਿਆਜ ਦੀ ਰਕਮ ਤੋਂ ਹੋਣ ਵਾਲੀ ਆਮਦਨ ਤੋਂ ਟੈਕਸ ਕੱਟ ਕੇ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ। ਇਹ ਸਹੂਲਤ ਸਿਰਫ ਉਨ੍ਹਾਂ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੀ ਪੈਨਸ਼ਨ ਤੇ ਫਿਕਸ ਡਿਪਾਜ਼ਿਟ ਇਕੋ ਹੀ ਬੈਂਕ ਵਿੱਚ ਹਨ। -ਏਜੰਸੀ