ਸ੍ਰੀਨਗਰ, 8 ਨਵੰਬਰ
ਕਸ਼ਮੀਰ ਦੇ ਬੋਹਰੀ ਕਾਦਲ ਕਸਬੇ ਵਿੱਚ ਅਤਿਵਾਦੀਆਂ ਨੇ ਇੱਕ ਸਿਵਲੀਅਨ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਬਾਂਦੀਪੋਰਾ ਜ਼ਿਲ੍ਹੇ ਦੇ ਬੋਹਰੀ ਕਦਲ ਵਿੱਚ ਮੁਹੰਮਦ ਇਬਰਾਹਿਮ ਖਾਨ ਨੂੰ ਰਾਤ 8 ਵਜੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਦਮ ਤੋੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚੋਂ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਤੇ ਫ਼ੌਜ ਦੀ ਟੀਮ ਨੇ ਦਹਿਸ਼ਤਗਰਦ ਨੂੰ ਅਨੰਤਨਾਗ ਦੇ ਅਸ਼ਮੁਕਾਮ ਇਲਾਕੇ ਦੇ ਵਹਾਦਨ ਪਿੰਡ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅਤਿਵਾਦੀ ਦੀ ਸ਼ਨਾਖ਼ਤ ਹਾਫਿਜ਼ ਅਬਦੁੱਲ੍ਹਾ ਮਲਿਕ ਵਜੋਂ ਹੋਈ ਹੈ। ਉਹ ਟੀਆਰਐਫ ਨਾਲ ਜੁੜਿਆ ਹੋਇਆ ਸੀ। -ਪੀਟੀਆਈ