ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੂੰ ਉਸ ਦੇ ਗੁਪਕਾਰ ਸਥਿਤ ਘਰ ’ਚ ਨਜ਼ਰਬੰਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਾਰਟੀ ਦੇ ਆਗੂ ਨੇ ਕਿਹਾ ਕਿ ਪਿਛਲੇ ਹਫ਼ਤੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਸ਼ਾਹਿਦ ਅਹਿਮਦ ਦੇ ਪਰਿਵਾਰ ਨਾਲ ਮਿਲਣ ਲਈ ਮਹਬਿੂਬਾ ਅਨੰਤਨਾਗ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ ਹੈ। ਆਗੂ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਮਹਬਿੂਬਾ ਦੇ ਘਰ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਦਿੱਤਾ ਹੈ। ਉਸ ਦੇ ਘਰ ਬਾਹਰ ਪੁਲੀਸ ਦਾ ਵਾਹਨ ਖੜ੍ਹਾ ਕਰ ਦਿੱਤਾ ਗਿਆ ਹੈ ਤਾਂ ਜੋ ਘਰ ਅੰਦਰੋਂ ਕੋਈ ਵੀ ਬਾਹਰ ਨਾ ਨਿਕਲ ਸਕੇ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਮਹਬਿੂਬਾ ਨੂੰ ਅਨੰਤਨਾਗ ਨਹੀਂ ਜਾਣ ਦਿੱਤਾ ਗਿਆ। ਸ਼ਾਹਿਦ ਅਹਿਮਦ ਦੀ ਮੌਤ ’ਤੇ ਵਾਦੀ ਦੀਆਂ ਸਿਆਸੀ ਪਾਰਟੀਆਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁਕਾਬਲੇ ਦੀ ਜਾਂਚ ਦੀ ਮੰਗ ਕੀਤੀ ਸੀ। ਮਹਬਿੂਬਾ ਨੇ ਸੁਰੱਖਿਆ ਬਲਾਂ ਦੀ ਕਾਰਵਾਈ ’ਤੇ ਅਫ਼ਸੋਸ ਜਤਾਇਆ ਸੀ। -ਪੀਟੀਆਈ